> Bolda Punjab -ਡਿਜੀਟਲ ਮਾਧਿਅਮ ਰਾਹੀਂ ਨਾਗਰਿਕ ਖੁਦ ਦਰਜ ਕਰ ਸਕਣਗੇ ਆਪਣੀ ਜਾਣਕਾਰੀ : ਕੁਲਵੰਤ ਸਿੰਘ
IMG-LOGO
ਹੋਮ ਪੰਜਾਬ : ਡਿਜੀਟਲ ਮਾਧਿਅਮ ਰਾਹੀਂ ਨਾਗਰਿਕ ਖੁਦ ਦਰਜ ਕਰ ਸਕਣਗੇ ਆਪਣੀ ਜਾਣਕਾਰੀ...

ਡਿਜੀਟਲ ਮਾਧਿਅਮ ਰਾਹੀਂ ਨਾਗਰਿਕ ਖੁਦ ਦਰਜ ਕਰ ਸਕਣਗੇ ਆਪਣੀ ਜਾਣਕਾਰੀ : ਕੁਲਵੰਤ ਸਿੰਘ

ਜ਼ਿਲ੍ਹਾ ਵਾਸੀਆਂ ਨੂੰ ਸਵੈ-ਗਣਨਾ ਮੁਹਿੰਮ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਦੀ ਕੀਤੀ ਅਪੀਲ

ਹਲਕਾ ਵਿਧਾਇਕ ਮੋਹਾਲੀ ਸ. ਕੁਲਵੰਤ ਸਿੰਘ ਵੱਲੋਂ ਮਰਦਮਸ਼ੁਮਾਰੀ-2026 ਦੀ ਸਵੈ-ਗਣਨਾ ਮੁਹਿੰਮ ਦੀ ਸ਼ੁਰੂਆਤ

Admin user - Apr 30, 2026 03:55 PM
IMG

 BOLDA PUNJAB

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਅਪ੍ਰੈਲ 2026:

ਮਰਦਮਸ਼ੁਮਾਰੀ-2026 ਦੇ ਸਫਲ ਆਯੋਜਨ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਵੈ-ਗਣਨਾ (ਸੈਲਫ ਐਨਯੂਮੇਰੇਸ਼ਨ) ਮੁਹਿੰਮ ਤਹਿਤ ਅੱਜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਇਸ ਅਹਿਮ ਕਾਰਜ ਦੀ ਰਸਮੀ ਸ਼ੁਰੂਆਤ ਕੀਤੀ ਗਈ। 

ਨਗਰ ਨਿਗਮ ਮੋਹਾਲੀ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਵਿਧਾਇਕ ਕੁਲਵੰਤ ਸਿੰਘ ਵੱਲੋਂ ਮਰਦਮਸ਼ੁਮਾਰੀ-2026 ਦੀ ਸਵੈ-ਗਣਨਾ  (ਸੈਲਫ ਐਨਯੂਮੇਰੇਸ਼ਨ) ਮੁਹਿੰਮ ਦਾ ਆਗਾਜ਼ ਆਪਣੀ ਰਿਹਾਇਸ਼ ਤੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਨਗਣਨਾ ਦੇ ਪਹਿਲੇ ਪੜਾਅ ਤਹਿਤ ਸਵੈ ਗਣਨਾ (ਸੈਲਫ ਐਨਯੂਮੇਰੇਸ਼ਨ) 30 ਅਪ੍ਰੈਲ ਤੋਂ 14 ਮਈ ਤੱਕ ਹੋਵੇਗੀ। ਨਾਗਰਿਕ https://se.census.gov.in ਵੈੱਬਸਾਈਟ ‘ਤੇ ਜਾ ਕੇ ਆਪਣੀ ਜਾਣਕਾਰੀ ਖੁਦ ਅਪਲੋਡ ਕਰ ਸਕਦੇ ਹਨ, ਜਿਸ ਦੀ ਪੁਸ਼ਟੀ ਬਾਅਦ ਵਿੱਚ ਘਰ-ਘਰ ਜਾ ਕੇ ਕੀਤੀ ਜਾਵੇਗੀ।

ਇਸ ਮੌਕੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਮਰਦਮਸ਼ੁਮਾਰੀ ਦੇਸ਼ ਦੇ ਵਿਕਾਸ, ਯੋਜਨਾਬੰਦੀ ਅਤੇ ਲੋਕ ਭਲਾਈ ਸਕੀਮਾਂ ਦੀ ਪ੍ਰਭਾਵਸ਼ਾਲੀ ਤਿਆਰੀ ਲਈ ਇੱਕ ਮਹੱਤਵਪੂਰਨ ਅਧਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਬੁਨਿਆਦੀ ਸਹੂਲਤਾਂ, ਸਮਾਜਿਕ ਸੁਰੱਖਿਆ ਯੋਜਨਾਵਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਰੂਪ-ਰੇਖਾ ਮਰਦਮਸ਼ੁਮਾਰੀ ਰਾਹੀਂ ਪ੍ਰਾਪਤ ਅੰਕੜਿਆਂ ‘ਤੇ ਨਿਰਭਰ ਕਰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਡਿਜੀਟਲ ਇੰਡੀਆ ਮਿਸ਼ਨ ਤਹਿਤ ਸ਼ੁਰੂ ਕੀਤੀ ਗਈ ਸਵੈ-ਗਣਨਾ ਸੁਵਿਧਾ ਲੋਕਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਨਾਲ ਸਬੰਧਤ ਜਾਣਕਾਰੀ ਆਨਲਾਈਨ ਖੁਦ ਦਰਜ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ, ਜਿਸ ਨਾਲ ਮਰਦਮਸ਼ੁਮਾਰੀ ਪ੍ਰਕਿਰਿਆ ਹੋਰ ਸਰਲ, ਤੇਜ਼ ਅਤੇ ਪਾਰਦਰਸ਼ੀ ਬਣੇਗੀ।

ਵਿਧਾਇਕ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਰਦਮਸ਼ੁਮਾਰੀ-2026 ਵਿੱਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਅਤੇ ਇਸ ਅਹਿਮ ਰਾਸ਼ਟਰੀ ਕਾਰਜ ਲਈ ਸਰਕਾਰ ਦਾ ਪੂਰਨ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਨਾਗਰਿਕ ਸਵੈ-ਗਣਨਾ ਸੁਵਿਧਾ ਦਾ ਲਾਭ ਉਠਾਉਂਦੇ ਹੋਏ ਆਪਣੀ ਜਾਣਕਾਰੀ ਸਹੀ ਅਤੇ ਪੂਰੀ ਤਰ੍ਹਾਂ ਦਰਜ ਕਰਨ।

ਉਨ੍ਹਾਂ ਕਿਹਾ ਕਿ ਮਰਦਮਸ਼ੁਮਾਰੀ ਸਿਸਟਮ  ਦਾ ਇੱਕ ਅਹਿਮ ਅੰਗ ਹੈ। ਹਰ ਨਾਗਰਿਕ ਦੀ ਸਹੀ ਜਾਣਕਾਰੀ ਦੇਸ਼ ਦੀ ਯੋਜਨਾਬੰਦੀ ਅਤੇ ਵਿਕਾਸ ਕਾਰਜਾਂ ਲਈ ਬਹੁਤ ਜ਼ਰੂਰੀ ਹੈ, ਇਸ ਲਈ ਜਨਗਣਨਾ ਨਾਲ ਸਬੰਧਤ ਆਪਣੇ ਅਤੇ ਆਪਣੇ ਪਰਿਵਾਰ ਦੀ ਕੋਈ ਵੀ ਜਾਣਕਾਰੀ ਛੁਪਾਈ ਨਾ ਜਾਵੇ, ਤਾਂ ਜੋ ਸਰਕਾਰ ਤੱਕ ਸਹੀ ਅਤੇ ਭਰੋਸੇਯੋਗ ਤੱਥ ਪਹੁੰਚ ਸਕਣ ਅਤੇ ਸਰਕਾਰ ਵੱਲੋਂ  ਜਿਹੜੀਆਂ ਲੋਕ ਪੱਖੀ ਸਕੀਮਾਂ ਬਣਾਈਆਂ ਜਾਣੀਆਂ ਹਨ, ਉਹ ਤਾਂ ਹੀ ਬਣਾਈਆਂ ਜਾ ਸਕਦੀਆਂ ਹਨ, ਜੇਕਰ ਲੋਕਾਂ ਵੱਲੋਂ ਸਰਕਾਰ ਨੂੰ ਲੋੜੀਂਦੀ ਸਹੀ ਜਾਣਕਾਰੀ ਦਿੱਤੀ ਜਾਵੇਗੀ। 

ਇਸ ਮੌਕੇ ਮਿਊਂਸਪਲ ਕਾਰਪੋਰੇਸ਼ਨ ਤੋਂ ਪੂਨਮ ਸ਼ਰਮਾ, ਤਜਿੰਦਰ ਸਿੰਘ, ਚਾਰਜ ਅਫਸਰ,  ਰਾਜਵਿੰਦਰ ਕੌਰ, ਵਧੀਕ ਚਾਰਜ ਅਫਸਰ ਅਤੇ ਅਨੂਪ ਸ਼ਰਮਾ ਚਾਰਜ ਕਲਰਕ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.