>
ਤਾਜਾ ਖਬਰਾਂ
ਬਾਲ ਕਿਸ਼ਨ
ਫਿਰੋਜ਼ਪੁਰ, 14 ਅਕਤੂਬਰ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਵੱਲੋ ਦਿੱਤੇ ਸੱਦੇ ਤੇ ਮੁਲਾਜ਼ਮ ਮੰਗਾਂ ਦੇ ਹੱਕ ਵਿਚ ਅੱਜ ਡੀ.ਸੀ. ਦਫਤਰ ਫਿਰੋਜ਼ਪੁਰ ਮੂਹਰੇ ਜ਼ਿਲ੍ਹਾ ਪੱਧਰੀ ਰੈਲੀ ਕਰਕੇ ਸੂਬਾ ਸਰਕਾਰ ਦਾ ਪਿੱਟ ਸਿਆਪਾ ਕਰਕੇ ਜ਼ਬਰਦਸਤ ਨਾਹਰੇਬਾਜ਼ੀ ਕੀਤੀ ਗਈ । ਸ੍ਰੀ ਮਨੋਹਰ ਲਾਲ, ਜ਼ਿਲ੍ਹਾ ਪ੍ਰਧਾਨ, ਪਿੱਪਲ ਸਿੰਘ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ. ਦੀ ਅਗਵਾਈ ਵਿਚ ਕੀਤੀ ਗਈ ਇਸ ਰੋਸ ਰੈਲੀ ਵਿਚ ਵੱਖ ਵੱਖ ਵਿਭਾਗਾਂ ਦੇ ਦਫਤਰੀ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ । ਰੋਸ ਰੈਲੀ ਦੌਰਾਨ ਮੁਲਾਜ਼ਮਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ, ਪਿੱਪਲ ਸਿੰਘ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ, ਓਮ ਪ੍ਰਕਾਸ਼ ਰਾਣਾ, ਗੁਰਤੇਜ ਸਿੰਘ ਜਨਰਲ ਸਕੱਤਰ, ਡੀ.ਸੀ. ਦਫਤਰ ਫਿਰੋਜ਼ਪੁਰ, ਸੋਨੂੰ ਕਸ਼ਅਪ ਵਧੀਕ ਜਨਰਲ ਸਕੱਤਰ, ਜਸਮੀਤ ਸਿੰਘ ਸੈਡੀ ਪ੍ਰਧਾਨ ਜਲ ਸਰੋਤ ਵਿਭਾਗ, ਸੁਖਚੈਨ ਸਿੰਘ ਖੇਤੀਬਾੜੀ ਵਿਭਾਗ, ਜਗਸੀਰ ਸਿੰਘ ਭਾਂਗਰ ਲੋਕ ਨਿਰਮਾਣ ਵਿਭਾਗ, ਵਰੁਣ ਕੁਂਮਾਰ ਸੂਬਾਈ ਆਗੂ ਸਿੱਖਿਆ ਵਿਭਾਗ, ਭੁਪਿੰਦਰ ਕੌਰ ਸੂਬਾ ਪ੍ਰਧਾਨ ਮਹਿਲਾ ਵਿੰਗ ਸਿੱਖਿਆ ਵਿਭਾਗ, ਪਰਮਵੀਰ ਮੌਂਗਾ, ਗੁਰਪ੍ਰੀਤ ਸਿੰਘ ਸੋਢੀ ਐਕਸਾਈਜ਼ ਵਿਭਾਗ, ਗੁਰਪ੍ਰੀਤ ਸਿੰਘ ਔਲਖ, ਸੰਦੀਪ ਸਿੰਘ ਦਿਓਲ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਫਿਰੋਜ਼ਪੁਰ, ਜੁਗਲ ਕਿਸ਼ੋਰ ਲੋਕ ਨਿਰਮਾਣ ਵਿਭਾਗ, ਰਜਨੀਸ਼ ਕੁਮਾਰ ਡੀ.ਸੀ. ਦਫਤਰ ਨੇ ਕਿਹਾ ਕਿ ਸੂਬਾ ਸਰਕਾਰ ਪਿਛਲੇ ਸਾਢੇ ਤਿੰਨ ਸਾਲਾਂ ਤੋ ਮੁਲਾਜ਼ਮਾਂ ਨੂੰ ਲਾਰੇ ਲੱਪੇ ਲਾ ਕੇ ਆਪਣਾ ਡੰਗ ਟਪਾ ਰਹੀ ਹੈ ਅਤੇ ਕਿਸੇ ਵੀ ਮੁਲਾਜ਼ਮ ਮੰਗ ਦੀ ਪੂਰਤੀ ਅਜੇ ਤੱਕ ਨਹੀ ਕੀਤੀ ਗਈ । ਉਕਤ ਆਗੂਆਂ ਨੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਸੂਬੇ ਦੇ ਕਰਮਚਾਰੀ ਪਿਛਲੇ ਲੰਬੇ ਸਮੇ ਤੋ ਪੁਰਾਣੀ ਪੈਨਸ਼ਨ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਲਾਗੂ ਕਰਨ, ਏ.ਸੀ.ਪੀ. ਸਕੀਮ ਲਾਗੂ ਕਰਨ, 15-01-2015 ਦਾ ਪੱਤਰ ਅਤੇ 17-07-2020 ਦਾ ਪੱਤਰ ਰੱਦ ਕਰਨ, ਨਵੇ ਸਕੇਲਾਂ ਵਿਚ ਬੰਦ ਕੀਤੇ 37 ਭੱਤੇ ਮੁੜ ਲਾਗੂ ਕਰਨ ਦੀ ਮੰਗ ਕਰ ਰਹੇ ਹਨ । ਪਰ ਪੰਜਾਬ ਦੀ ਮਾਨ ਸਰਕਾਰ ਕਿਸੇ ਵੀ ਮੁਲਾਜ਼ਮ ਮੰਗ ਨੂੰ ਹੱਲ ਕਰਨ ਵੱਲ ਧਿਆਨ ਨਹੀ ਦੇ ਰਹੀ। ਜਿਸ ਕਾਰਨ ਸੂਬੇ ਦੇ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪੈਦਾ ਹੋ ਰਿਹਾ ਹੈ । ਉਕਤ ਮੁਲਾਜ਼ਮ ਆਗੂਆਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮ ਮੰਗਾਂ ਦਾ ਜਲਦੀ ਨਿਪਟਾਰਾ ਨਾ ਕੀਤਾ ਗਿਆ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇ ਵਿਚ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢਣ ਤੋ ਗੁਰੇਜ਼ ਨਹੀ ਕੀਤਾ ਜਾਵੇਗਾ । ਜਥੇਬੰਦੀ ਦੇ ਜਨਰਲ ਸਕੱਤਰ ਸ: ਪਿੱਪਲ ਸਿੰਘ ਸਿੱਧੂ ਨੇ ਜ਼ਿਲ੍ਹੇ ਭਰ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ 16 ਅਕਤੂਬਰ ਨੂੰ ਪੀ.ਐਸ.ਐਮ.ਐਸ.ਯੂ. ਵੱਲੋ ਮੋਹਾਲੀ ਵਿਖੇ ਕੀਤੀ ਜਾ ਰਹੀ ਦਫਤਰੀ ਕਾਮਿਆਂ ਦੀ ਸੂਬਾ ਪੱਧਰੀ ਰੈਲੀ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ । ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਸੈਕੜੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਡੱਟਕੇ ਨਾਹਰੇਬਾਜ਼ੀ ਕੀਤੀ।
Get all latest content delivered to your email a few times a month.