>
ਤਾਜਾ ਖਬਰਾਂ
ਲੁਧਿਆਣਾ, 13 ਫਰਵਰੀ- ਸੱਜੀ ਲੱਤ ਤੇ ਦਾਤ ਨਾਲ ਵਾਰ ਕਰ ਕੇ ਰਾਹਗੀਰ ਕੋਲੋਂ 11000 ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਲੈਣ ਦੇ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਕਾਰਵਾਈ ਨੂੰ ਠੰਢੇ ਬਸਤੇ ਵਿੱਚ ਪਾਉਣ ਦੇ ਚਲਦੇ ਪੀੜਿਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚੀਮਾ ਚੌਂਕ ਜਾਮ ਕਰ ਦਿੱਤਾ ਸੀ। ਪ੍ਰਦਰਸ਼ਨ ਤੋਂ ਬਾਅਦ ਹਰਕਤ ਵਿੱਚ ਆਈ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ । ਜਾਂਚ ਅਧਿਕਾਰੀ ਅਜਮੇਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ ਜਲਦੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਜਨਕਪੁਰੀ ਗਲੀ ਨੰਬਰ ਸੱਤ ਦੇ ਰਹਿਣ ਵਾਲੇ ਸ਼ਾਹਬਾਜ਼ ਆਲਮ ਨੇ ਦੱਸਿਆ ਕਿ ਉਹ 11 ਫਰਵਰੀ ਨੂੰ ਆਪਣੇ ਕੰਮ ਤੋਂ ਛੁੱਟੀ ਕਰ ਕੇ ਘਰ ਆ ਰਿਹਾ ਸੀ। ਜਿਵੇਂ ਹੀ ਸ਼ਾਹਬਾਜ਼ ਚੀਮਾ ਚੌਂਕ ਦੇ ਲਾਗੇ ਪਹੁੰਚਿਆ ਤਾਂ ਫਲਾਈ ਓਵਰ ਦੇ ਥੱਲੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸਨੂੰ ਘੇਰ ਲਿਆ। ਮੁਲਜਮਾਂ ਨੇ ਉਸ ਦੀ ਸੱਜੀ ਲੱਤ ਤੇ ਦਾਤ ਨਾਲ ਵਾਰ ਕਰ ਕੇ ਫੱਟੜ ਕਰ ਦਿੱਤਾ । ਬਦਮਾਸ਼ ਨੌਜਵਾਨ ਕੋਲੋਂ ਮੋਬਾਈਲ ਫੋਨ ਅਤੇ 11000 ਰੁਪਏ ਦੀ ਰਕਮ ਲੁੱਟ ਕੇ ਰਫੂ ਚੱਕਰ ਹੋ ਗਏ। ਮਾਮਲੇ ਦੀ ਸੂਚਨਾ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਹ ਕਹਿ ਕੇ ਚਲੀ ਗਈ ਕਿ ਇਹ ਵੱਕੂਆ ਥਾਣਾ ਮੋਤੀ ਨਗਰ ਦਾ ਬਣਦਾ ਹੈ। ਸ਼ਾਹਬਾਦ ਨੇ ਦੱਸਿਆ ਪੁਲਿਸ ਮਾਮਲੇ ਨੂੰ ਨਜ਼ਰ ਅੰਦਾਜ਼ ਕਰਨ ਲੱਗ ਪਈ। ਪੁਲਿਸ ਦੀ ਢਿੱਲੀ ਕਾਰਵਾਈ ਦੇਖ ਸ਼ਾਹਬਾਜ਼ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚੀਮਾ ਚੌਂਕ ਵਿੱਚ ਧਰਨਾ ਲਗਾ ਦਿੱਤਾ । ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਕਾਰਵਾਈ ਕਰਨ ਦਾ ਅਸ਼ਵਾਸਨ ਦਿੱਤਾ । ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.