>
ਤਾਜਾ ਖਬਰਾਂ
ਪਠਾਨਕੋਟ, 15 ਅਪ੍ਰੈਲ-ਮੁਹੱਲਾ ਆਨੰਦਪੁਰ ਰੜਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਆਪਣੇ ਸਹੁਰੇ ਘਰ ਗਏ ਜਵਾਈ ਦਾ ਆਪਣੇ ਚਾਚੇ ਸਹੁਰੇ (ਪਤਿਓਰਾ) ਅਤੇ ਉਸਦੇ ਪਰਿਵਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਮਾਮਲਾ ਇੰਨਾ ਵਧ ਗਿਆ ਕਿ ਚਾਚੇ-ਸਹੁਰੇ ਪੱਖ ਵੱਲੋਂ ਜਵਾਈ 'ਤੇ ਬੇਸ ਬੈਟ, ਬੈਟ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ, ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਪੀੜਤਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ, ਚਾਚੇ-ਸਹੁਰੇ ਪੱਖ ਦੇ 7 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਅਤੇ ਉਨ੍ਹਾਂ ਵਿੱਚੋਂ 3 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਨਗਰ ਨਿਗਮ ਪਠਾਨਕੋਟ ਵਿੱਚ ਇੱਕ ਟਿਊਬਵੈੱਲ 'ਤੇ ਕੰਮ ਕਰਨ ਵਾਲਾ ਅਸ਼ੀਸ਼ ਸ਼ਰਮਾ ਉਰਫ਼ ਰਿੰਕੂ ਆਪਣੇ ਰਿਸ਼ਤੇਦਾਰ ਨਾਲ ਆਪਣੇ ਸਹੁਰੇ ਘਰ ਗਿਆ ਹੋਇਆ ਸੀ, ਜਿਸ ਤੋਂ ਬਾਅਦ ਉਪਰੋਕਤ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਮ੍ਰਿਤਕ 'ਤੇ ਇੰਨੀ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਕਿ ਉਹ ਜ਼ਖ਼ਮਾਂ ਨੂੰ ਸਹਿਣ ਨਹੀਂ ਕਰ ਸਕਿਆ। ਇਸ ਘਟਨਾ ਵਿੱਚ ਮ੍ਰਿਤਕ ਦਾ ਭਰਾ ਵੀ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਾਂਚ ਤੋਂ ਬਾਅਦ, ਡਿਵੀਜ਼ਨ ਨੰਬਰ 1 ਵਿੱਚ ਵਿੱਚ ਵੱਖ-ਵੱਖ ਧਾਰਾਵਾਂ ਤਹਿਤ 7 ਵਿਅਕਤੀਆਂ ਸੰਜੀਵ ਕੁਮਾਰ ਉਰਫ਼ ਸੋਨੂੰ, ਕਾਬਲੀ ਪੰਡਿਤ, ਤਨੂ ਸ਼ਰਮਾ, ਸੁਸ਼ਮਾ, ਰਾਜਕੁਮਾਰ ਉਰਫ਼ ਸ਼ੁਭੀ, ਅਨੂ ਅਤੇ ਅਕਸ਼ੈ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹਨਾਂ ਵਿਚੋਂ ਤਿੰਨ ਲੋਕਾਂ ਕਾਬੁਲੀ ਪੰਡਿਤ, ਸੰਜੀਵ ਕੁਮਾਰ, ਤਨੂ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਕਿ 4 ਲੋਕ ਫਰਾਰ ਦੱਸੇ ਜਾ ਰਹੇ ਹਨ। ਥਾਣਾ ਇੰਚਾਰਜ ਦਵਿੰਦਰ ਕਾਸ਼ਨੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਫ਼ਰਾਰ ਚਾਰ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ, ਜਿਨ੍ਹਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਜਦੋਂ ਕਿ ਡੀਐੱਸਪੀ ਮਾਨ ਨੇ ਚਿਤਾਵਨੀ ਦਿੱਤੀ ਕਿ ਪੁਲਿਸ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ੇਗੀ ਜੋ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਂਦਾ ਹੈ ਅਤੇ ਅਜਿਹੇ ਅਪਰਾਧ ਕਰਦਾ ਹੈ, ਅਤੇ ਉਨ੍ਹਾਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
Get all latest content delivered to your email a few times a month.