>
ਤਾਜਾ ਖਬਰਾਂ
ਬਠਿੰਡਾ, 19 ਮਾਰਚ-ਮੰਗਲਵਾਰ ਦੇਰ ਰਾਤ ਕਰੀਬ 11 ਵਜੇ ਕੱਚਾ ਧੋਬੀਆਣਾ ਬਸਤੀ ਨੇੜੇ ਸਥਿਤ ਬੇਅੰਤ ਨਗਰ ਵਿਚ ਰੰਜਿਸ਼ ਕਾਰਨ 15 ਵਿਅਕਤੀਆਂ ਨੇ 22 ਸਾਲਾ ਨੌਜਵਾਨ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਨੌਜਵਾਨ ਨੂੰ ਘਰੋਂ ਬਾਹਰ ਬੁਲਾਇਆ ਅਤੇ ਤਲਵਾਰਾਂ ਨਾਲ ਹਮਲਾ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਰਾਰ ਹੋ ਗਏ। ਨੌਜਵਾਨ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।ਬੁੱਧਵਾਰ ਸਵੇਰੇ ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਥਾਣਾ ਸਿਵਲ ਲਾਈਨ ਦੇ ਬਾਹਰ ਧਰਨਾ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਗੁੰਡਾਗਰਦੀ ਵੱਧ ਰਹੀ ਹੈ। ਪਿਛਲੇ ਇਕ ਮਹੀਨੇ ਵਿਚ ਉਨ੍ਹਾਂ ਦੇ ਇਲਾਕੇ ਵਿਚ ਇਹ ਦੂਜੀ ਕਤਲ ਦੀ ਘਟਨਾ ਹੈ। ਕੁਝ ਦਿਨ ਪਹਿਲਾਂ ਇਲਾਕੇ ਦੇ ਕੁਝ ਨੌਜਵਾਨਾਂ ਨੇ ਇਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ ਸੀ, ਜਦੋਂ ਕਿ ਮੰਗਲਵਾਰ ਦੇਰ ਰਾਤ ਨੂੰ ਬਸਤੀ ਦੇ ਰਹਿਣ ਵਾਲੇ 22 ਸਾਲਾ ਸ਼ਿਵਮ ਦਾ ਕਤਲ ਕਰ ਦਿੱਤਾ ਗਿਆ ਜਿਸ ਕਾਰਨ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਦੇ ਨਾਲ ਹੀ ਥਾਣਾ ਸਿਵਲ ਲਾਈਨ ਪੁਲਿਸ ਨੇ ਘਟਨਾ ਤੋਂ ਬਾਅਦ ਛੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਦੋਂ ਕਿ 8 ਅਣਪਛਾਤੇ ਵਿਅਕਤੀਆਂ ਸਮੇਤ 12 ਵਿਅਕਤੀਆਂ ਖ਼ਿਲਾਫ ਕਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਬਾਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕੱਚਾ ਧੋਬੀਆਣਾ ਬਸਤੀ ਨੇੜੇ ਸਥਿਤ ਬੇਅੰਤ ਨਗਰ ਦੇ ਰਹਿਣ ਵਾਲੇ 22 ਸਾਲਾ ਸ਼ਿਵਮ ਉਰਫ਼ ਕਾਲੀ ਦਾ ਕੁਝ ਦਿਨ ਪਹਿਲਾਂ ਇਲਾਕੇ ਦੇ ਕੁਝ ਲੋਕਾਂ ਨਾਲ ਮਾਮੂਲੀ ਵਿਵਾਦ ਨੂੰ ਲੈ ਕੇ ਝਗੜਾ ਹੋ ਰਿਹਾ ਸੀ।ਇਸ ਝਗੜੇ ਵਿਚ ਸੰਤ ਰਾਮ ਅਤੇ ਉਸ ਦੇ ਪੁੱਤਰ ਗੋਸਾ ਦੀ ਸ਼ਿਵਮ ਨਾਲ ਲੜਾਈ ਹੋ ਗਈ ਸੀ ਅਤੇ ਮੰਗਲਵਾਰ ਨੂੰ ਕੁਝ ਲੋਕਾਂ ਨੇ ਦੋਵਾਂ ਧਿਰਾਂ ਵਿਚ ਸਮਝੌਤਾ ਕਰਵਾ ਦਿੱਤਾ ਸੀ ਪਰ ਆਲੇ-ਦੁਆਲੇ ਦੇ ਲੋਕਾਂ ਅਨੁਸਾਰ ਮੰਗਲਵਾਰ ਦੇਰ ਰਾਤ ਕਰੀਬ 10:30 ਵਜੇ ਗੋਸਾ ਅਤੇ ਉਸ ਦੇ ਪਿਤਾ ਸੰਤ ਰਾਮ ਉਸ ਨੂੰ ਘਰੋਂ ਬੁਲਾ ਕੇ ਲੈ ਗਏ। ਉੱਥੇ ਲਗਪਗ 13 ਵਿਅਕਤੀ ਪਹਿਲਾਂ ਹੀ ਪਿਛਲੀ ਗਲੀ ਵਿਚ ਹਥਿਆਰਾਂ ਨਾਲ ਲੈਸ ਖੜ੍ਹੇ ਸਨ। ਉਨ੍ਹਾਂ ਨੇ ਸ਼ਿਵਮ ’ਤੇ ਤਲਵਾਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਉਸ ਦੇ ਸਿਰ ਅਤੇ ਛਾਤੀ ’ਤੇ ਡੂੰਘੀਆਂ ਸੱਟਾਂ ਲੱਗੀਆਂ। ਸ਼ਿਵਮ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਸ਼ਿਵਮ ਨੂੰ ਉਸ ਦੇ ਦੋਸਤਾਂ ਅਤੇ ਪਰਿਵਾਰ ਵੱਲੋਂ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਸਥਾਨਕ ਪੁਲਿਸ ਨੂੰ ਮਾਮਲੇ ਬਾਰੇ ਸੂਚਿਤ ਕੀਤਾ ਗਿਆ ਅਤੇ ਜਾਂਚ ਵਿਚ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦੋਂ ਕਿ ਬਾਕੀ 8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਿਵਲ ਲਾਈਨ ਦੇ ਐੱਸਐੱਚਓ ਇੰਸਪੈਕਟਰ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਹੋਰਨਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਾਰੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਕਤਲ ਦਾ ਕਾਰਨ ਪੁਰਾਣਾ ਝਗੜਾ ਹੈ।
Get all latest content delivered to your email a few times a month.