>
ਤਾਜਾ ਖਬਰਾਂ
ਫਿਰੋਜ਼ਪੁਰ, 13 ਫਰਵਰੀ (ਬਾਲ ਕਿਸ਼ਨ)- ਨੈਸ਼ਨਲ ਇੰਸਟੀਚਿਊਸ਼ਨ ਫਾਰ ਟ੍ਰਾਂਸਫਾਰਮਿੰਗ ਇੰਡੀਆ (ਨੀਤੀ ਆਯੋਗ) ਨੇ ਫਰਵਰੀ 2024 ਦੀ ਮਿਆਦ ਲਈ ਐਸਪੀਰੇਸ਼ਨਲ ਡਿਸਟਿ੍ਰਕਟ ਪ੍ਰੋਗਰਾਮ (ਏਡੀਪੀ) ਦੀ ‘‘ਓਵਰਆਲ’’ ਸ਼੍ਰੇਣੀ ਅਧੀਨ ਸ਼ਾਨਦਾਰ ਪ੍ਰਦਰਸ਼ਨ ਲਈ ਪੰਜਾਬ ਸੂਬੇ ਦੇ ਫਿਰੋਜ਼ਪੁਰ ਜ਼ਿਲ੍ਹੇ ਨੂੰ 5 ਕਰੋੜ ਰੁਪਏ ਦੇ ਵੱਕਾਰੀ ਪੁਰਸਕਾਰ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦਿੱਤੀ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵੱਕਾਰੀ ਪੁਰਸਕਾਰ ਸਬੰਧੀ ਸੂਚਨਾ ਸਾਂਝੀ ਕਰਦੇ ਹੋਏ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਬੀਵੀਆਰ ਸੁਬਰਾਮਨੀਅਮ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਕੇਂਦਰੀ ਪ੍ਰਭਾਰੀ ਅਧਿਕਾਰੀ (ਸੀਪੀਓ) ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਮੁੱਖ ਪ੍ਰਦਰਸ਼ਨ ਸੂਚਕਾਂ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੁਰਸਕਾਰ ਤੋਂ ਪ੍ਰਾਪਤ ਫੰਡਾਂ ਦੀ ਵਰਤੋਂ ਕਰਨ ਲਈ, ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਬਾ ਅਧਿਕਾਰੀਆਂ ਅਤੇ ਕੇਂਦਰੀ ਪ੍ਰਭਾਰੀ ਅਧਿਕਾਰੀ ਦੇ ਤਾਲਮੇਲ ਵਿੱਚ ਇੱਕ ਵਿਆਪਕ ਕਾਰਜ ਯੋਜਨਾ ਜਾਂ ਪ੍ਰੋਜੈਕਟ ਪ੍ਰਸਤਾਵ ਤਿਆਰ ਕੀਤਾ ਜਾਵੇਗਾ। ਇਸ ਪ੍ਰਸਤਾਵ ਲਈ ਅੰਤਿਮ ਪ੍ਰਵਾਨਗੀ ਐਸਪੀਰੇਸ਼ਨਲ ਡਿਸਟਿ੍ਰਕਟਸ ਐਂਡ ਬਲਾਕ ਪ੍ਰੋਗਰਾਮ ਦੀ ਨਿਗਰਾਨੀ ਕਰਨ ਵਾਲੀ ਸਕੱਤਰਾਂ ਦੀ ਅਧਿਕਾਰ ਪ੍ਰਾਪਤ ਕਮੇਟੀ ਕੋਲ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਨੀਤੀ ਆਯੋਗ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀਐੱਮਯੂ), ਜਿਸ ਵਿੱਚ ਸੈਕਟਰ ਮਾਹਿਰ ਸ਼ਾਮਲ ਹਨ, ਏਡੀਪੀ ਦੇ ਪੰਜ ਮੁੱਖ ਖੇਤਰਾਂ ਵਿੱਚ ਪ੍ਰੋਜੈਕਟਾਂ ਨੂੰ ਵਿਕਸਤ ਕਰਨ ਵਿੱਚ ਜ਼ਿਲ੍ਹੇ ਨੂੰ ਤਕਨੀਕੀ ਮੁਹਾਰਤ ਪ੍ਰਦਾਨ ਕਰੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਏਡੀਪੀ ਅਧੀਨ ਫੰਡਾਂ ਨੂੰ ਜਲਦੀ ਤੋਂ ਜਲਦੀ ਪ੍ਰਾਪਤ ਕਰਨ ਲਈ 10 ਮਾਰਚ, 2025 ਤੱਕ ਵਿਸਤਿ੍ਰਤ ਪ੍ਰਸਤਾਵ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਪ੍ਰਾਪਤੀ ਨੂੰ ਮਾਨਤਾ ਦਿੰਦੇ ਹੋਏ, ਜ਼ਿਲ੍ਹਾ ਕੁਲੈਕਟਰ ਨੂੰ ਇੱਕ ਚੰਗੀ ਸੇਵਾ ਐਂਟਰੀ ਵੀ ਜਾਰੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਇਨਾਮੀ ਰਾਸ਼ੀ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਵੱਖ-ਵੱਖ ਖੇਤਰਾਂ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਖ਼ਰਚ ਕੀਤੀ ਜਾਵੇਗੀ। ਉਨ੍ਹਾਂ ਉਚੇਚੇ ਤੌਰ 'ਤੇ ਕਿਹਾ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ‘ਐਸਪੀਰੇਸ਼ਨਲ’ ਜ਼ਿਲ੍ਹੇ ਤੋਂ ‘ਇਨਸਪਾਈਰੇਸ਼ਨਲ’ ਜ਼ਿਲ੍ਹਾ ਬਣਾਉਣ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਐਸਪੀਰੇਸ਼ਨਲ ਡਿਸਟਿ੍ਰਕਟ ਪ੍ਰੋਗਰਾਮ (ਏਡੀਪੀ), ਭਾਰਤ ਦੇ 112 ਸਭ ਤੋਂ ਘੱਟ ਵਿਕਸਤ ਜ਼ਿਲ੍ਹਿਆਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਪ੍ਰੋਗਰਾਮ ਬੁਨਿਆਦੀ ਢਾਂਚਾ, ਸਿੱਖਿਆ, ਖੇਤੀਬਾੜੀ, ਜਲ ਸਰੋਤ, ਵਿੱਤੀ ਸਮਾਵੇਸ਼ ਅਤੇ ਸਿਹਤ ਸਮੇਤ ਮਹੱਤਵਪੂਰਨ ਖੇਤਰਾਂ 'ਤੇ ਕੇਂਦਰਿਤ ਹੈ। ਜ਼ਿਲ੍ਹੇ ਦਾ ਮੁਲਾਂਕਣ ਵਿਆਪਕ ਪ੍ਰਦਰਸ਼ਨ ਸੂਚਕਾਂ ਦੁਆਰਾ ਕੀਤਾ ਜਾਂਦਾ ਹੈ, ਜੋ ਬਹੁ-ਹਿੱਸੇਦਾਰਾਂ ਦੀ ਸਲਾਹ-ਮਸ਼ਵਰੇ ਦੁਆਰਾ ਵਿਕਸਤ ਕੀਤੇ ਜਾਂਦੇ ਹਨ। ਨੀਤੀ ਆਯੋਗ ਦੀ ਅਗਵਾਈ ਹੇਠ ਸਥਾਪਿਤ, ਐਸਪੀਰੇਸ਼ਨਲ ਡਿਸਟਿ੍ਰਕਟ ਪ੍ਰੋਗਰਾਮ ਦਾ ਉਦੇਸ਼ ਵਿਕਾਸ ਨੂੰ ਇੱਕ ਸਮੂਹਿਕ ਯਤਨ ਵਿੱਚ ਬਦਲਣਾ ਹੈ, ਜਿਸਨੂੰ ਕੇਂਦਰੀ, ਸੂਬੇ ਅਤੇ ਜ਼ਿਲ੍ਹਾ ਪੱਧਰਾਂ ਵਰਗੇ ਕਈ ਸਰਕਾਰੀ ਪੱਧਰਾਂ ਦੁਆਰਾ ਸਮਰਥਤ ਕੀਤਾ ਜਾਂਦਾ ਹੈ, ਜੋ ਕਿ ਭਾਰਤ ਦੇ ਸਹਿਕਾਰੀ ਸੰਘਵਾਦ ਦੀ ਉਦਾਹਰਣ ਦਿੰਦਾ ਹੈ। ਇਸ ਪਹਿਲਕਦਮੀ ਦਾ ਵਿਸਤਾਰ 7 ਜਨਵਰੀ, 2023 ਨੂੰ ਪ੍ਰਧਾਨ ਮੰਤਰੀ ਦੁਆਰਾ ਮੁੱਖ ਸਕੱਤਰਾਂ ਦੇ ਦੂਜੇ ਰਾਸ਼ਟਰੀ ਸੰਮੇਲਨ ਦੌਰਾਨ ਸ਼ੁਰੂ ਕੀਤੇ ਗਏ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਨਾਲ ਹੋਇਆ।
Get all latest content delivered to your email a few times a month.