>
ਤਾਜਾ ਖਬਰਾਂ
ਤਰਨ ਤਾਰਨ, 13 ਫਰਵਰੀ-ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਨੇ ਤਰਨਤਾਰਨ ਦੇ ਬੋਹੜੀ ਵਾਲਾ ਚੌਕ ’ਚ ਸ੍ਰੀ ਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਦੌਰਾਨ ਸ਼ਹਿਰ ਦੇ ਮੁੱਖ ਮਾਰਗ ’ਤੇ ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਤ ਧਾਰਮਿਕ ਯਾਦਗਾਰ ਦੀ ਵੀ ਸਥਾਪਨਾ ਕੀਤੀ ਗਈ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ’ਚ ਨੌਜਵਾਨ ਸਭਾ ਵੱਲੋਂ ਲੰਗਰ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਤਰਨਤਾਰਨ ਹਲਕੇ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਕਰਨਬੀਰ ਸਿੰਘ ਬੁਰਜ ਨੇ ਜਿੱਥੇ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਦੀ ਸਮੂਹ ਸ਼ਰਧਾਲੂਆਂ ਤੇ ਸਮਾਗਮ ਵਿਚ ਜੁੜੀ ਸੰਗਤ ਨੂੰ ਵਧਾਈ ਦਿੱਤੀ, ਉਥੇ ਹੀ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਪੀਰਾਂ ਦੇ ਦਿਹਾੜੇ ਪੂਰੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ। ਕਿਉਂਕਿ ਅਜਿਹਾ ਕਰਨ ਨਾਲ ਹੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਸ ਸਭ ਬਾਰੇ ਜਾਣਕਾਰੀ ਮਿਲੇਗੀ ਅਤੇ ਉਹ ਆਪਣੇ ਗੁਰੂਆਂ ਵੱਲੋਂ ਦੱਸੇ ਮਾਰਗ ’ਤੇ ਚੱਲ ਸਕਣਗੇ। ਉਨ੍ਹਾਂ ਨੇ ਨੌਜਵਾਨਾਂ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੀ ਸੰਸਥਾ ਨੂੰ ਮਾਲੀ ਸਹਿਯੋਗ ਵੀ ਦਿੱਤਾ। ਸਭਾ ਦੇ ਪ੍ਰਧਾਨ ਮਨਜੀਤ ਕੁਮਾਰ ਤੋਂ ਇਲਾਵਾ ਹੋਰ ਅਹੁਦੇਦਾਰਾਂ ਨੀਰਜ ਕੁਮਾਰ, ਤਿਲਕ ਰਾਜ, ਰਾਜਵੀਰ ਸਿੰਘ, ਬਿਕਰਮਜੀਤ ਸਿੰਘ ਰੁੜਕੀ, ਜਗਦੀਸ਼ ਕੁਮਾਰ ਆਦਿ ਨੇ ਕਰਨਬੀਰ ਸਿੰਘ ਬੁਰਜ ਤੋਂ ਇਲਾਵਾ ਉਨ੍ਹਾਂ ਦੇ ਨਾਲ ਪਹੁੰਚੇ ਕਾਂਗਰਸ ਦੇ ਬਲਾਕ ਪ੍ਰਧਾਨ ਸੋਨੂ ਦੋਦੇ, ਨੌਜਵਾਨ ਆਗੂ ਸੰਜੀਵ ਕੁੰਦਰਾ, ਤਰਸੇਮ ਸਿੰਘ ਮੁਰਾਦਪੁਰਾ, ਅਮਰਿੰਦਰ ਸਿੰਘ ਅੱਪੂ, ਅਮਨ ਡੀਜੇ ਮੁਰਾਦਪੁਰਾ, ਰੀਟਾ ਪ੍ਰਧਾਨ ਤਰਨਤਾਰਨ ਅਤੇ ਸੁਖਦੇਵ ਸਿੰਘ ਬੂੰਦੀ ਆਦਿ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਵੀ ਕੀਤਾ।
Get all latest content delivered to your email a few times a month.