>
ਤਾਜਾ ਖਬਰਾਂ
ਜਗਦੀਸ਼ ਥਿੰਦ
ਫਾਜ਼ਿਲਕਾ, 5 ਫਰਵਰੀ- ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ ਸੂਬੇ ਦੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਮਿਸ਼ਨ ਦਾ ਮੁੱਖ ਉਦੇਸ਼ ਗਰੀਬ ਪਰਿਵਾਰ ਦੀਆਂ ਔਰਤਾਂ ਨੂੰ ਆਰਥਿਕ ਤੌਰ ’ਤੇ ਉਪਰ ਉਠਣ ਵਿਚ ਮਦਦ ਕਰਨਾ ਅਤੇ ਉਨਾਂ ਨੂੰ ਆਤਮ ਨਿਰਭਰ ਬਣਾਉਣਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਨੇ ਕੀਤਾ। ਪੰਜਾਬ ਰਾਜ ਦਿਹਾਤੀ ਅਜੀਵਕਾ ਮਿਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਮੈਡਮ ਨਵਨੀਤ ਨੇ ਦੱਸਿਆ ਕਿ ਇਸ ਸਕੀਮ ਅਧੀਨ ਪਿੰਡਾਂ ਦੀਆਂ ਗਰੀਬ ਅਤੇ ਗਰੀਬ ਔਰਤਾਂ ’ਤੇ ਆਧਾਰਿਤ ਸੈਲਫ ਹੈਲਪ ਗਰੁੱਪ ਬਣਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਦਾ ਮੁੱਖ ਉਦੇਸ਼ ਗਰੀਬ ਪਰਿਵਾਰ ਦੀਆਂ ਔਰਤਾਂ ਨੂੰ ਆਰਥਿਕ ਤੌਰ ’ਤੇ ਆਤਮ ਨਿਰਭਰ ਬਣਾਉਣਾਇਨਾਂ ਗਰੁੱਪਾਂ ਨੂੰ ਪੰਜ ਸੂਤਰੀ ਪ੍ਰਣਾਲੀ ਜਿਵੇਂ ਹਫਤਾਵਰੀ ਮੀਟਿੰਗ, ਬੱਚਤ, ਆਪਸੀ ਲੈਣ-ਦੇਣ, ਕਰਜ਼ਾ ਵਾਪਸੀ, ਬੁੱਕ ਕੀਪਿੰਗ ਦਾ ਪਾਲਣਾ ਕਰਨਾ ਹੁੰਦਾ ਹੈ। ਪਿੰਡ ਕੇਰਾ ਖੇੜਾ ਵਿਖੇ ਗਠਿਤ ਕੀਤੇ ਗਏ ਕੁਮਕੁਮ ਆਜੀਵਿਕਾ ਸੈਲਫ ਹੈਲਪ ਗਰੁੱਪ ਦੇ ਪ੍ਰਧਾਨ ਪ੍ਰਮਿੱਲਾ ਗੌਰ ਨੇ ਦੱਸਿਆ ਕਿ ਇਸ ਗਰੁੱਪ ਵਿਚ 12 ਮੈਂਬਰ ਹਨ ਤੇ 3 ਸਾਲ ਪਹਿਲਾਂ ਇਹ ਗਰੁੱਪ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕੇਵੀਕੇ ਸੀਫੇਟ ਅਬੋਹਰ ਤੋਂ ਫੂਡ ਪ੍ਰੋਸੈਸਿੰਗ ਦੀ ਸਿਖਲਾਈ ਲੈ ਕੇ ਬਕਾਇਦਾ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਉਹ ਆਰਗੈਨਿਕ ਵਿਧੀ ਨਾਲ ਵੱਖ-ਵੱਖ ਤਰ੍ਹਾਂ ਦੇ ਆਚਾਰ ਤੇ ਮੁਰੱਬਾ ਤਿਆਰ ਕਰ ਰਹੀਆਂ ਹਨ ਤੇ ਚੰਗਾ ਮੁਨਾਫਾ ਕਮਾ ਰਹੀਆਂ ਹਨ। ਪ੍ਰਮਿੱਲਾ ਗੌਰ ਦਾ ਕਹਿਣਾ ਹੈ ਕਿ ਸੈਲਫ ਹੈਲਪ ਗਰੁੱਪ ਦੇ ਸ਼ੁਰੂਆਤੀ ਸਮੇਂ ਮਾਲੀ ਸਹਾਇਤਾ ਦੇ ਤੌਰ ’ਤੇ 20 ਹਜਾਰ ਰੁਪਏ ਪ੍ਰਤੀ ਗਰੁੱਪ ਰਿਵਾਲਵਿੰਗ ਫੰਡ ਦਿੱਤੇ ਗਏ ਸਨ ਜਿਸ ਦੀ ਮਦਦ ਨਾਲ ਉਹ ਆਮਲਾ ਦਾ ਆਚਾਰ, ਗਾਜਰ ਦਾ ਆਚਾਰ, ਹਲਦੀ ਦਾ ਆਚਾਰ, ਹਰੀ ਮਰਚਾਂ ਦਾ ਆਚਾਰ, ਆਮਲਾ ਪਾਉਡਰ, ਆਮਲਾ ਕੈਂਡੀ ਆਦਿ ਪੋਸ਼ਟਿਕ ਉਤਪਾਦ ਤਿਆਰ ਕਰ ਰਹੀਆਂ ਹਨ ਤੇ ਪਿੰਡ ਵਿਖੇ ਹੀ ਇਸ ਨੂੰ ਵੇਚ ਕੇ ਆਮਦਨ ਕਮਾ ਰਹੀਆਂ ਹਨ। ਇਸ ਤੋਂ ਇਲਾਵਾ ਆਚਾਰ ਤੇ ਮੁਰੱਬਾ ਤਿਆਰ ਕਰਕੇ ਵਿਸ਼ੇਸ਼ ਦਿਨੀ ਸਟਾਲਾਂ ਲਗਾ ਕੇ ਵੀ ਵਿਕਰੀ ਕਰ ਰਹੀਆਂ ਹਨ। ਉਨ੍ਹਾਂ ਹੋਰਨਾਂ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਰਾਜ ਦਿਹਾਤੀ ਅਜੀਵਕਾ ਮਿਸ਼ਨ ਨਾਲ ਜੁੜ ਕੇ ਆਪਣੇ ਆਪ ਨੂੰ ਆਰਥਿਕ ਤੌਰ ’ਤੇ ਖੁਸ਼ਹਾਲ ਬਣਾਉਣ। ਉਨ੍ਹਾਂ ਕਿਹਾ ਕਿ ਆਪਣੇ ਪਿੰਡ ਵਿੱਚ ਸਵੈ-ਸਹਾਇਤਾ ਗਰੁੱਪ ਬਣਾਉਣ ਲਈ ਆਪਣੇ ਬਲਾਕ ਦਫ਼ਤਰ ਜਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਪੰਜਾਬ ਰਾਜ ਦਿਹਾਤੀ ਮਿਸ਼ਨ ਦਫ਼ਤਰ ਵਿਖੇ ਪਹੁੰਚ ਕੇ ਸੰਪਰਕ ਕੀਤਾ ਜਾ ਸਕਦਾ ਹੈ।
Get all latest content delivered to your email a few times a month.