>
ਤਾਜਾ ਖਬਰਾਂ
ਬਾਲ ਕਿਸ਼ਨ ਫਿਰੋਜ਼ਪੁਰ, 5 ਫਰਵਰੀ- ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪਿੰਡ ਝੋਕ ਹਰੀਹਰ ਵਿਖੇ ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਂਸਰ ਦੀ ਬਿਮਾਰੀ ਦੀ ਜਾਂਚ ਜੇਕਰ ਸਮੇਂ ਸਿਰ ਹੋ ਜਾਵੇ ਤਾਂ ਉਸ ਦਾ ਇਲਾਜ ਸਹੀ ਸਮੇਂ ਸਿਰ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਔਰਤਾਂ ਵਿੱਚ ਕੈਂਸਰ ਦੀ ਬਿਮਾਰੀ ਦੇ ਲੱਛਣਾਂ ਚੋਂ ਛਾਤੀ ਵਿੱਚ ਗਿਲਟੀ, ਗੰਢ, ਨਿੱਪਲ ਦਾ ਅੰਦਰ ਧਸਣਾ, ਨਿੱਪਲ ਵਿੱਚੋਂ ਖੂਨ ਮਿਲਿਆ ਮਵਾਦ ਵਗਣਾ, ਸਰੀਰਿਕ ਸਬੰਧ ਤੋਂ ਬਾਅਦ ਖੂਨ ਵਗਣਾ, ਗੁਪਤ ਅੰਗ ਵਿੱਚੋਂ ਪੀਕ ਵਗਣਾ, ਮਾਹਵਾਰੀ ਦੌਰਾਨ ਬੇਹਦ ਖੂਨ ਪੈਣਾ, ਮਾਹਵਾਰੀ ਦੇ ਵਿੱਚ ਵਿਚਲੇ ਖੂਨ ਪੈਣਾ ਹੁੰਦੇ ਹਨ। ਮਰਦਾਂ ਅਤੇ ਔਰਤਾਂ ਵਿੱਚ ਮੂੰਹ, ਮਸੂੜੇ, ਤਲੂਏ ਜਾਂ ਜੀਭ ਤੇ ਨਾ ਠੀਕ ਹੋਣ ਵਾਲਾ ਜ਼ਖਮ, ਜੀਭ ਤੇ ਗੰਢ, ਭੋਜਨ ਨਿਗਲਣ ਵਿੱਚ ਮੁਸ਼ਕਲ, ਲਗਾਤਾਰ ਲੰਮੀ ਖਾਂਸੀ, ਬਲਗਮ ਵਿੱਚ ਖੂਨ, ਭੁੱਖ ਤੇ ਵਜਨ ਘਟਣ ਦੇ ਨਾਲ ਨਾਲ ਖਾਰਸ਼ ਅਤੇ ਨਾ ਠੀਕ ਹੋਣ ਵਾਲਾ ਪੀਲੀਆ, ਪਖਾਨੇ ਵਿੱਚ ਬਿਨ੍ਹਾ ਦਰਦ ਖੂਨ ਆਉਣਾ, ਬਿਨ੍ਹਾ ਵਜ੍ਹਾ ਤਿੰਨ ਮਹੀਨਿਆਂ ਤੋਂ ਵੱਧ ਬੁਖਾਰ, ਪਿਸ਼ਾਬ ਵਿੱਚ ਖੂਨ, ਪਿਸ਼ਾਬ ਵਿੱਚ ਰੁਕਾਵਟ ਆਦਿ ਹਨ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਕਿਹਾ ਕਿ ਸਮਾਜ ਵਿੱਚ ਕੈਂਸਰ ਵਧਣ ਦੇ ਮੁੱਖ ਕਾਰਨਾਂ ਵਿੱਚੋ ਮਾਂਵਾ ਵੱਲੋਂ ਬੱਚਿਆਂ ਨੂੰ ਆਪਣਾ ਦੁੱਧ ਨਾ ਚੁਘਾਉਣਾ, ਧੂੰਏਂ ਵਾਲੇ ਤੰਬਾਕੂ ਬੀੜੀ,ਸਿਗਰਟ, ਚਿਲਮ ਆਦਿ ਦਾ ਸੇਵਨ, ਧੂੰਆਂ ਰਹਿਤ ਤੰਬਾਕੂ, ਜਰਦਾ, ਗੁਟਕਾ,ਪਾਨ ਮਸਾਲਾ ਆਦਿ ਦਾ ਸੇਵਨ,ਪਲਾਸਟਿਕ ਕੱਪਾਂ ਜਾ ਭਾਂਡਿਆਂ ਵਿੱਚ ਗਰਮ ਖਾਣ ਵਾਲੀਆਂ ਚੀਜ਼ਾਂ ਦੀ ਵਰਤੋਂ, ਸ਼ਰਾਬ ਪੀਣਾ, ਪਰਿਵਾਰ ਵਿੱਚ ਕਿਸੇ ਜੀਅ ਨੂੰ ਕੈਂਸਰ ਹੋਣਾ ਅਤੇ ਗਰਭ ਰੋਕੂ ਗੋਲੀਆਂ 45 ਸਾਲ ਦੀ ਉਮਰ ਤੋਂ ਉਪਰ ਲਈ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤ ਮਰੀਜਾਂ ਦੇ ਇਲਾਜ਼ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੌਸ਼ ਸਕੀਮ ਅਧੀਨ 1,50,000 ਰੁਪਏ ਉਸ ਸਿਹਤ ਸੰਸਥਾਂ ਨੂੰ ਦਿੱਤੇ ਜਾਂਦੇ ਹਨ ਜਿਥੇ ਮਰੀਜ਼ ਦਾ ਇਲਾਜ ਚੱਲ ਰਿਹਾ ਹੋਵੇ। ਇਸ ਮੌਕੇ ਸੁਨੀਤਾ ਰਾਣੀ ਐੱਲਐੱਚਵੀ, ਅਮਨਦੀਪ ਕੌਰ ਏਐੱਨਐੱਮ, ਅਮਰਜੀਤ ਸਿੰਘ ਬਹੁਮੰਤਵੀ ਸਿਹਤ ਕਰਮਚਾਰੀ, ਆਸ਼ਾ ਵਰਕਰ, ਆਂਗਨਵਾੜੀ ਮੁਲਾਜ਼ਮ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
Get all latest content delivered to your email a few times a month.