>
ਤਾਜਾ ਖਬਰਾਂ
ਮੁੰਬਈ, 19 ਜਨਵਰੀ- ਮੁੰਬਈ ਪੁਲਿਸ ਨੇ ਐਤਵਾਰ ਤੜਕੇ ਬਾਲੀਵੁੱਡ ਸਟਾਰ ਸੈਫ ਅਲੀ ਖਾਨ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਹਮਲਾਵਰ ਨੂੰ ਫੜ ਲਿਆ। ਪੁਲਿਸ ਨੇ ਮੁਲਜ਼ਮ ਨੂੰ ਠਾਣੇ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ 6 ਮਹੀਨੇ ਪਹਿਲਾਂ ਹੀ ਬੰਗਲਾਦੇਸ਼ ਤੋਂ ਮੁੰਬਈ ਆਇਆ ਸੀ।
ਬੰਗਲਾਦੇਸ਼ ਤੋਂ ਆਇਆ ਭਾਰਤ
ਮੁੰਬਈ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਵਜੋਂ ਹੋਈ ਹੈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਹਮਲਾਵਰ ਬੰਗਲਾਦੇਸ਼ ਤੋਂ ਭਾਰਤ 'ਚ ਘੁਸਪੈਠ ਕਰ ਕੇ ਆਇਆ ਸੀ। ਹਮਲਾਵਰ 6 ਮਹੀਨੇ ਪਹਿਲਾਂ ਹੀ ਬੰਗਲਾਦੇਸ਼ ਤੋਂ ਮੁੰਬਈ ਆਇਆ ਸੀ। ਉਹ ਇੱਥੇ ਆ ਕੇ ਇਕ ਹੋਟਲ 'ਚ ਕੰਮ ਕਰ ਰਿਹਾ ਸੀ।
ਬੰਗਲਾਦੇਸ਼ ਦੇ ਝਾਲੋਕਾਟੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਹਮਲਾਵਰ
ਪੁਲਿਸ ਅਨੁਸਾਰ ਮੁਲਜ਼ਮ ਆਪਣੇ ਜੱਦੀ ਪਿੰਡ ਭੱਜਣ ਵਾਲਾ ਸੀ ਜਦੋਂ ਉਸ ਨੂੰ ਠਾਣੇ ਦੇ ਹੀਰਾਨੰਦਾਨੀ ਅਸਟੇਟ ਤੋਂ ਹਿਰਾਸਤ 'ਚ ਲਿਆ ਗਿਆ। ਅਧਿਕਾਰੀ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਬੰਗਲਾਦੇਸ਼ ਦੇ ਝਾਲੋਕਾਟੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ।ਤੁਹਾਨੂੰ ਦੱਸ ਦੇਈਏ ਕਿ ਸੈਫ ਦੀ 56 ਸਾਲਾ ਸਟਾਫ ਨਰਸ ਅਲਿਆਮਾ ਫਿਲਿਪ ਨੇ ਹਮਲਾਵਰ ਖਿਲਾਫ ਰਿਪੋਰਟ ਦਰਜ ਕਰਵਾਈ ਸੀ। ਇਹ ਘਟਨਾ 16 ਜਨਵਰੀ ਨੂੰ ਸਵੇਰੇ 2 ਵਜੇ ਦੇ ਕਰੀਬ ਵਾਪਰੀ, ਜਿਸ ਦੌਰਾਨ ਸੈਫ ਅਲੀ ਖਾਨ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਇੱਥੋਂ ਤੱਕ ਕਿ ਉਸਦੀ ਰੀੜ੍ਹ ਦੀ ਹੱਡੀ 'ਤੇ ਚਾਕੂ ਨਾਲ ਵਾਰ ਕੀਤਾ ਗਿਆ ਸੀ।
ਕੀ ਸੀ ਮੁਲਜ਼ਮ ਦਾ ਇਰਾਦਾ?
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਦਾਕਾਰ ਸੈਫ ਦੇ ਘਰ ਚੋਰੀ ਦੇ ਇਰਾਦੇ ਨਾਲ ਦਾਖਲ ਹੋਇਆ ਸੀ। ਪੁਲਿਸ ਅਨੁਸਾਰ, ਅਪਰਾਧ ਦੀ ਜਾਂਚ ਲਈ ਵੱਖ-ਵੱਖ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੁੰਬਈ ਪੁਲਿਸ ਨੇ ਕਿਹਾ ਕਿ ਮੁਲਜ਼ਮ ਬੰਗਲਾਦੇਸ਼ੀ ਨਾਗਰਿਕ ਹੈ। ਜ਼ੋਨ 9 ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਦੀਕਸ਼ਿਤ ਗੇਡਮ ਨੇ ਕਿਹਾ ਕਿ ਉਸ ਕੋਲ ਵੈਲਿਡ ਭਾਰਤੀ ਦਸਤਾਵੇਜ਼ ਨਹੀਂ ਹੈ। ਜ਼ਬਤ ਕੀਤੇ ਗਏ ਕੁਝ ਸਾਮਾਨ ਤੋਂ ਪਤਾ ਲੱਗਦਾ ਹੈ ਕਿ ਉਹ ਬੰਗਲਾਦੇਸ਼ੀ ਨਾਗਰਿਕ ਹੈ।
ਮਜ਼ਦੂਰ ਠੇਕੇਦਾਰ ਨੇ ਫੜਨ 'ਚ ਕੀਤੀ ਮਦਦ
ਪੁਲਿਸ ਨੇ ਦੱਸਿਆ ਕਿ ਇਕ ਮਜ਼ਦੂਰ ਠੇਕੇਦਾਰ ਨੇ ਹਮਲਾਵਰ ਨੂੰ ਫੜਨ 'ਚ ਮੁੰਬਈ ਪੁਲਿਸ ਦੀ ਮਦਦ ਕੀਤੀ। ਮਜ਼ਦੂਰ ਠੇਕੇਦਾਰ ਨੇ ਹਮਲਾਵਰ ਬਾਰੇ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਉਸੇ ਦੇ ਅਨੁਸਾਰ ਪੁਲਿਸ ਨੇ ਮੁਲਜ਼ਮ ਨੂੰ ਠਾਣੇ ਦੇ ਜੰਗਲੀ ਖੇਤਰ 'ਚ ਇਕ ਮਜ਼ਦੂਰ ਕੈਂਪ 'ਚ ਟਰੇਸ ਕੀਤਾ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਠਾਣੇ ਦੇ ਇਕ ਹੋਟਲ 'ਚ ਕੰਮ ਕਰਦਾ ਸੀ ਤੇ ਹੁਣ ਤਕ ਉਸ ਦੇ ਨਾਂ 'ਤੇ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ।
Get all latest content delivered to your email a few times a month.