ਤਾਜਾ ਖਬਰਾਂ
ਬਿਕਰਮਜੀਤ ਸਿੰਘ
ਅੰਮ੍ਰਿਤਸਰ, 30 ਨਵੰਬਰ- ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ: ਅਜੇ ਗੁਪਤਾ ਨੇ ਅੱਜ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਅਤੇ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਵਿਧਾਇਕ ਡਾ.ਗੁਪਤਾ ਨੇ ਨਿਗਮ ਅਧਿਕਾਰੀਆਂ ਨਾਲ ਪਿਛਲੀਆਂ ਮੀਟਿੰਗਾਂ ਦਾ ਜਾਇਜ਼ਾ ਲਿਆ। ਜਿਸ ਵਿੱਚ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਵਿੱਚ ਹਾਜ਼ਰ ਨਿਗਰਾਨ ਇੰਜਨੀਅਰ ਸੰਦੀਪ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਿਛਲੀ ਮੀਟਿੰਗ ਵਿੱਚ ਦਿੱਤੇ ਗਏ 80 ਫੀਸਦੀ ਦੇ ਕਰੀਬ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ। ਬਾਕੀ ਰਹਿੰਦੇ ਵਿਕਾਸ ਕਾਰਜਾਂ ਲਈ ਟੈਂਡਰ ਪ੍ਰਕਿਰਿਆ ਚੱਲ ਰਹੀ ਹੈ। ਇਸ ਮੌਕੇ ਵਿਧਾਇਕ ਡਾ: ਗੁਪਤਾ ਨੇ ਕਿਹਾ ਕਿ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਖਾਸ ਕਰਕੇ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਸੜਕਾਂ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਹੈ, ਉਨ੍ਹਾਂ ਵਿੱਚ ਨਵੇਂ ਟਿਊਬਵੈੱਲ ਲਗਾਏ ਜਾ ਰਹੇ ਹਨ। ਵਿਧਾਇਕ ਡਾ: ਗੁਪਤਾ ਨੇ ਨਿਗਮ ਕਮਿਸ਼ਨਰ ਨੂੰ ਕਿਹਾ ਕਿ ਕੇਰੋ ਮਾਰਕੀਟ ਵਿੱਚ ਬਣਾਏ ਜਾ ਰਹੇ ਆਧੁਨਿਕ ਪਾਰਕਿੰਗ ਸਟੈਂਡ ਦੇ ਕੰਮ ਵਿੱਚ ਵੀ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਮਿੰਨੀ ਹਾਈ ਮਾਸਟ ਲਾਈਟਾਂ ਲਗਾਉਣ ਲਈ ਵੀ ਕਿਹਾ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਹੋਈ ਮੀਟਿੰਗ ਦੌਰਾਨ ਨਗਰ ਸੁਧਾਰ ਟਰੱਸਟ ਨੂੰ ਸੁਪਰ ਸੁਕਰ ਮਸ਼ੀਨ ਅਤੇ ਹੋਰ ਮਸ਼ੀਨਰੀ ਨਗਰ ਨਿਗਮ ਨੂੰ ਦੇਣ ਲਈ ਕਿਹਾ ਗਿਆ ਸੀ। ਜਿਸ ’ਤੇ ਨਿਗਮ ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਨੂੰ ਨਗਰ ਸੁਧਾਰ ਟਰੱਸਟ ਵੱਲੋਂ ਫਿਲਹਾਲ ਸੁਪਰ ਸੁਕਰ ਮਸ਼ੀਨ ਅਤੇ ਹੋਰ ਮਸ਼ੀਨਾਂ ਜਾਰੀ ਨਹੀਂ ਕੀਤੀਆਂ ਗਈਆਂ ਹਨ। ਵਿਧਾਇਕ ਡਾ: ਗੁਪਤਾ ਨੇ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਸਵੱਛਤਾ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ। ਉਨ੍ਹਾਂ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਚੱਲ ਰਹੀ ਮਸ਼ੀਨਰੀ ਬਾਰੇ ਵੀ ਪੁੱਛਿਆ। ਵਿਧਾਇਕ ਡਾ: ਗੁਪਤਾ ਨੇ ਸਫ਼ਾਈ ਪ੍ਰਬੰਧਾਂ ਸਬੰਧੀ ਨਗਰ ਨਿਗਮ ਦੀਆਂ ਟਰੈਕਟਰ ਟਰਾਲੀਆਂ, ਕੰਪਨੀ ਦੀਆਂ ਗੱਡੀਆਂ, ਨਿਗਮ ਵੱਲੋਂ ਕਿਰਾਏ 'ਤੇ ਲਈਆਂ ਗਈਆਂ ਟਰੈਕਟਰ ਟਰਾਲੀਆਂ, ਕੇਂਦਰੀ ਵਿਧਾਨ ਸਭਾ ਹਲਕੇ 'ਚ ਚੱਲ ਰਹੀ ਹੈਂਡ ਹਾਕਰ ਅਤੇ ਹੋਰ ਮਸ਼ੀਨਰੀ ਦੀ ਸੂਚੀ ਅਧਿਕਾਰੀਆਂ ਤੋਂ ਮੰਗੀ | ਨਿਗਮ ਦੇ ਐਮਐਚਓ ਡਾ: ਯੋਗੇਸ਼ ਅਰੋੜਾ ਅਤੇ ਮੈਡੀਕਲ ਅਫ਼ਸਰ ਡਾ: ਰਮਾ ਨੇ ਸਫ਼ਾਈ ਲਈ ਚੱਲ ਰਹੇ ਵਾਹਨਾਂ ਦੀ ਸੂਚੀ ਦਿੱਤੀ।ਜਿਸ 'ਤੇ ਵਿਧਾਇਕ ਡਾ: ਗੁਪਤਾ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਫ਼ਾਈ ਸਬੰਧੀ ਇੰਨੀਆਂ ਗੱਡੀਆਂ ਚਲਦੀਆਂ ਰਹਿਣ।ਉਨ੍ਹਾਂ ਕਿਹਾ ਕਿ ਸਫ਼ਾਈ ਵਿਵਸਥਾ ਪਹਿਲਾਂ ਨਾਲੋਂ ਹੁਣ ਬਿਹਤਰ ਹੈ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਉਹ ਹਰ ਹਫ਼ਤੇ ਨਿਗਮ ਅਧਿਕਾਰੀਆਂ ਦੇ ਨਾਲ ਸ਼ਹਿਰ ਦੇ ਵਿਧਾਇਕਾਂ ਨਾਲ ਮੀਟਿੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ: ਅਜੇ ਗੁਪਤਾ ਨਾਲ ਮੀਟਿੰਗ ਕਰਕੇ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਬੁਨਿਆਦੀ ਸਹੂਲਤਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਵਿਧਾਇਕ ਡਾ: ਗੁਪਤਾ ਵੱਲੋਂ ਦਿੱਤੇ ਗਏ ਵਿਕਾਸ ਕਾਰਜਾਂ ਨੂੰ ਸਬੰਧਤ ਨਿਗਮ ਅਧਿਕਾਰੀਆਂ ਨੇ ਨੋਟ ਕਰ ਲਿਆ ਹੈ ਅਤੇ ਜਲਦੀ ਹੀ ਸਾਰੇ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਮੁੜ ਵਿਧਾਇਕ ਡਾ: ਗੁਪਤਾ ਨਾਲ ਮੀਟਿੰਗ ਕੀਤੀ ਜਾਵੇਗੀ।
Get all latest content delivered to your email a few times a month.