IMG-LOGO
ਹੋਮ ਪੰਜਾਬ : ਪੱਤਰਕਾਰ ਭਾਈਚਾਰੇ, ਕਿਸਾਨ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਵੱਲੋਂ ਪੁਲਸੀਆ ਧੱਕੇਸ਼ਾਹੀ...

ਪੱਤਰਕਾਰ ਭਾਈਚਾਰੇ, ਕਿਸਾਨ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਵੱਲੋਂ ਪੁਲਸੀਆ ਧੱਕੇਸ਼ਾਹੀ ਖ਼ਿਲਾਫ਼ ਅਵਾਜ਼ ਉਠਾਉਣ ਲਈ ਗੁਰਨਾਮ ਸਿੱਧੂ ਦੀ ਹਮਾਇਤ ਦਾ ਐਲਾਨ 

Admin user - Nov 28, 2024 07:04 PM
IMG

ਬਾਲ ਕਿਸ਼ਨ

ਫ਼ਿਰੋਜ਼ਪੁਰ, 28 ਨਵੰਬਰ- ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਵਿਚ ਆਪਣੀ ਚਰਮ ਸੀਮਾ ਤੱਕ ਪਹੁੰਚ ਚੁੱਕੇ ਨਸ਼ਿਆਂ ਦੇ ਧੰਦੇ, ਨਸ਼ਿਆਂ ਕਾਰਨ ਅਣਿਆਈ ਮੌਤੇ ਮਰ ਰਹੀ ਨੌਜਵਾਨ ਪੀੜ੍ਹੀ ਅਤੇ ਨਿੱਤ ਦਿਹਾੜੇ ਵਾਪਰ ਰਹੀਆਂ ਲੁੱਟਾਂ–ਖੋਹਾਂ ਤੇ ਝਪਟਮਾਰੀ ਦੀਆਂ ਵਾਰਦਾਤਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਅਸਮਰਥ ਜਾਪ ਰਹੀ ਪੰਜਾਬ ਪੁਲਿਸ ਨੂੰ ਜਾਗਰੂਕ ਕਰਨ ਲਈ ਆਵਾਜ਼ ਉੱਠਾ ਰਹੇ ਸਮਾਜ ਸੁਧਾਰਕਾਂ ਨੂੰ ਪੁਲਿਸ ਦੇ ਖੁਫ਼ੀਆ ਤੰਤਰ ਵਲੋਂ ਟਾਰਗੇਟ ਕੀਤੇ ਜਾਣ ਦੀ ਪੱਤਰਕਾਰ ਭਾਈਚਾਰੇ, ਕਿਸਾਨ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਹੱਕ–ਸੱਚ ਲਈ ਲੜਨ ਅਤੇ ਸਮਾਜ ਸੇਵੀਆਂ ਦੇ ਨਾਲ ਖੜ੍ਹਨ ਦਾ ਐਲਾਨ ਕੀਤਾ ਹੈ। ਉੱਧਰ ਪੱਤਰਾਕਾਰਾਂ ਨਾਲ ਗੱਲਬਾਤ ਕਰਦਿਆਂ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦੇ ਪ੍ਰਧਾਨ ਅਤੇ ਨੈਸ਼ਨਲ ਯੂਥ ਐਵਾਰਡੀ ਗੁਰਨਾਮ ਸਿੰਘ ਸਿੱਧੂ ਨੇ ਕਿਹਾ ਕਿ ਫ਼ਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਸਰਹੱਦ ਪਾਰ ਤੋਂ ਪੰਜਾਬ ਤੇ ਬਾਹਰੀ ਸੂਬਿਆਂ ਵਿਚ ਨਸ਼ੇ ਤੇ ਹਥਿਆਰ ਇਸੇ ਰਸਤੇ ਸਪਲਾਈ ਹੋ ਰਹੇ ਹਨ ਅਤੇ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਬਹੁਤਾਤ ਨੌਜਵਾਨ ਇੱਥੋਂ ਤੱਕ ਕਿ ਮਹਿਲਾਵਾਂ ਵੀ ਨਸ਼ਿਆਂ ਦੀ ਸਪਲਾਈ ਕਰਨ ਦੇ ਧੰਦੇ ਵਿਚ ਲੱਗੇ ਹੋਏ ਹਨ। ਇੱਥੇ ਹੀ ਬੱਸ ਫ਼ਿਰੋਜ਼ਪੁਰ ਸ਼ਹਿਰੀ ਖੇਤਰ ਵਿਚ ਵੀ ਅਨੇਕਾਂ ਅਜਿਹੀਆਂ ਬਸਤੀਆਂ ਹਨ, ਜਿੱਥੇ ਹਰ ਘਰ ਵਿਚ ਨਸ਼ੇ ਵਿਕ ਤੇ ਸਪਲਾਈ ਹੋ ਰਹੇ ਹਨ, ਪਰ ਫ਼ਿਰੋਜ਼ਪੁਰ ਪੁਲਿਸ ਨਿੱਕੀਆਂ–ਨਿੱਕੀਆਂ ਕਾਰਵਾਈ ਕਰ ਆਪਣਾ ਦਾਮਨ ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ, ਜਦੋਂ ਕਿ ਨਸ਼ਿਆਂ ਦੇ ਵੱਡੇ ਸੁਦਾਗਰ ਪੁਲਿਸ ਦੀ ਫਰਾਖਦਿਲੀ ਨਾਲ ਸ਼ਰੇਆਮ ਆਪਣੇ ਧੰਦੇ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ’ਤੇ ਫ਼ਿਰੋਜ਼ਪੁਰ ਪੁਲਿਸ ਨਸ਼ਿਆਂ ਦੇ ਗੜ੍ਹ ਬਣ ਚੁੱਕੀਆਂ ਬਸਤੀਆਂ ਵਿਚ ਵਾਰ–ਵਾਰ ਸਰਚ ਅਪ੍ਰੇਸ਼ਨ ਚਲਾਉਂਦੀ ਹੈ, ਪਰ ਛਿੱਟ ਪੁੱਟ ਰਿਕਵਰੀ ਤੋਂ ਇਲਾਵਾ ਕਦੇ ਪੁਲਿਸ ਦੇ ਹੱਥ ਕੁੱਝ ਖਾਸ ਨਹੀਂ ਲੱਗਿਆ। ਤੱਕੜੇ ਲਾਮ ਲਸ਼ਕਰ ਨਾਲ ਚਲਾਏ ਜਾਂਦੇ ਇਨ੍ਹਾਂ ਆਪ੍ਰੇਸ਼ਨਾਂ ਦੌਰਾਨ ਪੁਲਿਸ ਦੇ ਹੱਥ ਖਾਲੀ ਰਹਿਣ ਦੇ ਕਾਰਨ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਪੁਲਿਸ ਅਧਿਕਾਰੀ ਭਲੀ ਭਾਂਤ ਜਾਣਦੇ ਹਨ। ਫ਼ਿਰੋਜ਼ਪੁਰ ਵਿਚ ਵਾਪਰਦੀਆਂ ਲੁੱਟਾਂ–ਖੋਹਾਂ ਤੇ ਝਪਟਮਾਰੀ ਦੀਆਂ ਹਜ਼ਾਰਾਂ ਦਰਖਾਸਤਾਂ ਨਿਆਂ ਦੀ ਉਡੀਕ ਵਿਚ ਪੁਲਿਸ ਥਾਣਿਆਂ ਤੇ ਉੱਚ ਅਧਿਕਾਰੀਆਂ ਦੀਆਂ ਮੇਜ਼ਾਂ ’ਤੇ ਧੂੜ ਚੱਟ ਰਹੀਆਂ ਹਨ ਅਤੇ ਪੀੜਤ ਵਿਚਾਰੇ ਥਾਣਿਆਂ, ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ–ਕੱਟ ਬੇਵੱਸ ਹੋਏ ਥੱਕ–ਹਾਰ ਕੇ ਘਰ ਬੈਠਣ ਲਈ ਮਜਬੂਰ ਹੋ ਜਾਂਦੇ ਹਨ। ਸਤਲੁਜ ਪ੍ਰੈੱਸ ਕਲੱਬ ਪ੍ਰਧਾਨ ਗੁਰਨਾਮ ਸਿੱਧੂ ਨੇ ਕਿਹਾ ਕਿ ਉਨ੍ਹਾਂ ਵਲੋਂ ਸੋਸ਼ਲ ਮੀਡੀਆ ’ਤੇ ਪੁਲਿਸ ਵਲੋਂ ਸ਼ਰੇਆਮ ਵਿਕ ਰਹੇ ਨਸ਼ਿਆਂ ਤੇ ਲੁਟੇਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਅਪਣਾਏ ਜਾ ਰਹੇ ਗ਼ੈਰ ਜਿੰਮੇਵਾਰਾਨਾ ਵਤੀਰੇ ਖ਼ਿਲਾਫ਼ ਆਵਾਜ਼ ਉਠਾਈ ਸੀ, ਜਿਸ ਤੋਂ ਚਿੜ੍ਹੇ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਖੁਫ਼ੀਆ ਤੰਤਰ ਤੇ ਪੁਲਿਸ ਅਧਿਕਾਰੀਆਂ ਕੋਲੋਂ ਟਾਰਗੇਟ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਹੋ ਸਕਦਾ ਹੈ ਕਿ ਪੁਲਿਸ ਉਨ੍ਹਾਂ ਖ਼ਿਲਾਫ਼ ਝੂਠੇ ਕੇਸ ਵੀ ਦਰਜ ਕਰ ਦੇਵੇ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਜੋ ਵੀ ਬੋਲਿਆ ਹੈ ਉਹ ਚਿੱਟੇ ਦਿਨ ਵਾਂਗ ਸਾਫ਼ ਹੈ, ਜਦੋਂ ਕਿ ਪੁਲਿਸ ਨੂੰ ਆਪਣੇ ਅਕਸ ਨੂੰ ਸਾਫ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸੱਚ ਬੋਲਿਆ ਹੈ ਅਤੇ ਭਵਿੱਖ ਵਿਚ ਵੀ ਸੱਚ ਦਾ ਹੌਕਾ ਦਿੰਦੇ ਰਹਿਣਗੇ। ਗੁਰਨਾਮ ਸਿੱਧੂ ਨੇ ਉਨ੍ਹਾਂ ਵੱਲੋਂ ਫ਼ਿਰੋਜ਼ਪੁਰ ਤੇ ਇੱਥੋਂ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲ–ਦਲ ਵਿਚੋਂ ਬਾਹਰ ਕੱਢਣ ਅਤੇ ਲੁੱਟਾਂ ਖੋਹਾਂ ਖਿਲਾਫ ਆਵਾਜ਼ ਬੁਲੰਦ ਕਰਨ ਬਦਲੇ ਸੰਭਾਵੀ ਪੁਲਸੀਆ ਧੱਕੇਸ਼ਾਹੀ ਵਿਰੁੱਧ ਲੜਾਈ ਜਾਰੀ ਰੱਖਣ ਲਈ ਉਨ੍ਹਾਂ ਦਾ ਸਾਥ ਦੇਣ ਲਈ ਪੱਤਰਕਾਰ ਭਾਈਚਾਰੇ, ਕਿਸਾਨ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਤੇ ਨਿਆਂ ਪਸੰਦ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਸਾਨੂੰ ਸਭ ਨੂੰ ਮਿਲ ਕੇ ਸਮਾਜ ਨੂੰ ਖੋਰਾ ਲਾ ਰਹੀਆਂ ਸਮਾਜਿਕ ਬੁਰਾਈਆਂ ਖ਼ਿਲਾਫ਼ ਇਕਜੁੱਟ ਹੋਣ ਦਾ ਤਾਂ ਹੀ ਅਸੀਂ ਸਮਾਜ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੰਭਾਲ ਸਕਾਂਗੇ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.