> Bolda Punjab -ਮੁੱਖ ਮੰਤਰੀ ਵੱਲੋਂ ਨੱਢਾ ਨਾਲ ਮੁਲਾਕਾਤ, 15 ਨਵੰਬਰ ਤੱਕ ਸੂਬੇ ਨੂੰ ਡੀ.ਏ.ਪੀ. ਖਾਦ ਦੀ ਮੁਕੰਮਲ ਸਪਲਾਈ ਕਰਨ ਦੀ ਮੰਗ
IMG-LOGO
ਹੋਮ ਰਾਸ਼ਟਰੀ: ਮੁੱਖ ਮੰਤਰੀ ਵੱਲੋਂ ਨੱਢਾ ਨਾਲ ਮੁਲਾਕਾਤ, 15 ਨਵੰਬਰ ਤੱਕ ਸੂਬੇ...

ਮੁੱਖ ਮੰਤਰੀ ਵੱਲੋਂ ਨੱਢਾ ਨਾਲ ਮੁਲਾਕਾਤ, 15 ਨਵੰਬਰ ਤੱਕ ਸੂਬੇ ਨੂੰ ਡੀ.ਏ.ਪੀ. ਖਾਦ ਦੀ ਮੁਕੰਮਲ ਸਪਲਾਈ ਕਰਨ ਦੀ ਮੰਗ

editor user - Oct 26, 2024 09:45 PM
IMG

Bolda Punjab
ਨਵੀਂ ਦਿੱਲੀ/ਚੰਡੀਗੜ੍ਹ, 26 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਜੇ.ਪੀ. ਨੱਢਾ ਨੂੰ 15 ਨਵੰਬਰ ਤੱਕ ਸੂਬੇ ਨੂੰ ਅਲਾਟ ਕੀਤੀ ਡੀ.ਏ.ਪੀ. ਖਾਦ ਦੀ ਪੂਰੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ।

ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੱਢਾ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇਸ਼ ਦੇ ਅਨਾਜ ਪੂਲ ਵਿੱਚ ਕਣਕ ਦੀ ਸਪਲਾਈ ‘ਚ ਲਗਭਗ 50 ਫੀਸਦ ਯੋਗਦਾਨ ਦਿੰਦਾ ਹੈ। ਉਨ੍ਹਾਂ ਕਿਹਾ ਕਿ ਡੀ.ਏ.ਪੀ. ਕਣਕ ਦੀ ਕਾਸ਼ਤ ਲਈ ਲੋੜੀਂਦੀ ਮੂਲ ਸਮੱਗਰੀ ਹੈ ਅਤੇ ਇਸ ਸਾਲ ਕਣਕ ਦੀ ਬਿਜਾਈ ਲਈ ਸੂਬੇ ਵਿੱਚ 4.80 ਲੱਖ ਮੀਟ੍ਰਿਕ ਟਨ ਡੀ.ਏ.ਪੀ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਹੁਣ ਤੱਕ ਸੂਬੇ ਨੂੰ 3.30 ਲੱਖ ਮੀਟ੍ਰਿਕ ਟਨ ਡੀ.ਏ.ਪੀ ਖਾਦ ਪ੍ਰਾਪਤ ਹੋਈ ਹੈ ਜੋ ਕਿ ਪੰਜਾਬ ਲਈ ਬਹੁਤ ਘੱਟ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਸਮਝਦੇ ਹਨ ਕਿ  70 ਫੀਸਦ ਡੀਏਪੀ ਦੂਜੇ ਦੇਸ਼ਾਂ ਤੋਂ ਦਰਾਮਦ ਕੀਤੀ ਜਾਂਦੀ ਹੈ, ਇਸ ਲਈ ਯੂਕਰੇਨ ਯੁੱਧ ਅਤੇ ਹੋਰ ਅੰਤਰਰਾਸ਼ਟਰੀ ਕਾਰਨਾਂ ਕਰਕੇ ਡੀਏਪੀ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ, ਸੂਬੇ ਵਿੱਚ ਡੀਏਪੀ ਦੀ ਜ਼ਰੂਰਤ ਮੁੱਖ ਤੌਰ 'ਤੇ 15 ਨਵੰਬਰ ਤੱਕ ਹੈ, ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਾਕੀ ਰਾਜਾਂ ਦੇ ਮੁਕਾਬਲੇ, ਜਿੱਥੇ ਡੀਏਪੀ ਦੀ ਜ਼ਰੂਰਤ ਬਾਅਦ ਵਿੱਚ ਪੈਂਦੀ ਹੈ, ਪੰਜਾਬ ਨੂੰ ਡੀਏਪੀ ਦੀ ਅਲਾਟਮੈਂਟ ਵਿੱਚ ਪਹਿਲ ਦੇਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਕਣਕ ਦੀ ਬਿਜਾਈ ਦਾ ਸੀਜ਼ਨ ਸੁਚਾਰੂ ਢੰਗ ਨਾਲ ਅੱਗੇ ਵਧ ਸਕੇਗਾ ਅਤੇ ਇਹ ਕੌਮੀ ਖੁਰਾਕ ਸੁਰੱਖਿਆ ਦੇ ਵਡੇਰੇ ਹਿੱਤ ਵਿੱਚ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧਾਂ ਸਦਕਾ ਸੂਬੇ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਐਫ.ਸੀ.ਆਈ. ਵੱਲੋਂ ਪਹਿਲਾਂ ਖਰੀਦੀਆਂ ਗਈਆਂ ਫ਼ਸਲਾਂ ਦੀ ਢੋਆ-ਢੁਆਈ ਨਾ ਹੋਣ ਕਰਕੇ ਕੁਝ ਅੜਚਣਾਂ ਪੈਦਾ ਹੋ ਰਹੀਆਂ ਹਨ ਪਰ ਉਹ ਇਹ ਮੁੱਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਕੋਲ ਲਗਾਤਾਰ ਉਠਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਅੱਜ ਸੂਬੇ ਭਰ ਦੀਆਂ ਮੰਡੀਆਂ ਵਿੱਚ ਚਾਰ ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਅਤੇ ਖਰੀਦ ਕਾਰਜ ਸੁਚਾਰੂ ਢੰਗ ਨਾਲ ਚੱਲ ਰਹੇ ਹਨ।

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਜਾ ਰਹੇ ਬੇਬੁਨਿਆਦ ਬਿਆਨਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਧਨਾਢ ਘਰਾਂ ਦੇ ਜਾਏ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਤੋਂ ਜਾਣੂ ਨਹੀਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਮੰਡੀਆਂ ਵਿੱਚ ਬਿਤਾਈ ਹੈ ਅਤੇ ਉਹ ਮੰਡੀਆਂ ਵਿੱਚ ਕਿਸਾਨਾਂ-ਮਜ਼ਦੂਰਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਧਨਾਢ, ਵਿਸ਼ੇਸ਼ ਅਧਿਕਾਰ ਪ੍ਰਾਪਤ ਅਤੇ ਅਮੀਰ ਬਿੱਟੂ ਨੂੰ ਖੇਤੀਬਾੜੀ ਬਾਰੇ ਬਿਲਕੁੱਲ ਗਿਆਨ ਨਹੀਂ ਹੈ। ਉਨ੍ਹਾਂ ਵਿਅੰਗ ਕਸਦਿਆਂ ਕਿਹਾ ਕਿ ਕੇਂਦਰੀ ਮੰਤਰੀ ਨੂੰ ਬੇਬੁਨਿਆਦ ਗੱਲਾਂ ਤੋਂ ਬਿਨਾਂ ਹੋਰ ਕੁਝ ਨਹੀਂ ਆਉਂਦਾ।

ਮੁੱਖ ਮੰਤਰੀ ਨੇ ਕਿਸਾਨ ਯੂਨੀਅਨ ਨੂੰ ਇਹ ਵੀ ਨਸੀਹਤ ਦਿੱਤੀ ਕਿ ਕਿਸੇ ਵੀ ਚੀਜ ਦੀ ਬਹੁਤਾਤ ਮਾੜੀ ਹੁੰਦੀ ਹੈ ਅਤੇ ਲਗਭਗ ਹਰ ਰੋਜ਼ ਬਿਨਾਂ ਕਿਸੇ ਕਾਰਨ ਸੜਕ ਜਾਮ ਕਰਨਾ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਆੜ੍ਹਤੀਆਂ ਦੀਆਂ ਸਮੱਸਿਆਵਾਂ ਹੱਲ ਕਰ ਦਿੱਤੀਆਂ ਹਨ ਅਤੇ ਮਿਲਰਾਂ ਦੇ ਮਸਲੇ ਜ਼ੋਰਦਾਰ ਢੰਗ ਨਾਲ ਕੇਂਦਰ ਸਰਕਾਰ ਕੋਲ ਉਠਾਏ ਜਾ ਰਹੇ ਹਨ, ਜਿਸ ਸਦਕਾ ਖਰੀਦ ਪ੍ਰਕਿਰਿਆ ਵਿੱਚ ਤੇਜ਼ੀ ਆਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ  ਸੀਜ਼ਨ ਦੇ ਚਲਦਿਆਂ ਲੋਕਾਂ ਦੀ ਅਸੁਵਿਧਾ ਦਾ ਕਾਰਨ ਬਣ ਰਿਹਾ ਅੰਦੋਲਨ ਜਾਇਜ਼ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਜੂਨ 2025 ਤੱਕ ਮਿੱਲ ਮਾਲਕਾਂ ਦੀ ਉਪਜ ਦੀ ਚੁਕਾਈ ਨਹੀਂ ਕੀਤੀ ਤਾਂ ਸੂਬਾ ਸਰਕਾਰ ਆਪਣੇ ਪੱਧਰ ‘ਤੇ ਹੀਲਾ ਕਰੇਗੀ।

ਅਕਾਲੀ ਦਲ ‘ਤੇ ਨਿਸ਼ਾਨਾਂ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਆਗੂ 10 ਸਾਲਾਂ ਪਹਿਲਾਂ 25 ਸਾਲ ਰਾਜ ਕਰਨ ਦਾ ਸੁਪਨਾ ਵੇਖਦੇ ਸਨ, ਉਹ ਹੁਣ ਸੂਬੇ ਵਿੱਚ ਆਮ ਚੋਣ ਲੜਨ ਤੋਂ ਵੀ ਭੱਜ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਜਥੇਦਾਰ ਸਾਹਿਬ ਨੇ ਕਦੇ ਵੀ ਅਕਾਲੀਆਂ ਨੂੰ ਚੋਣ ਲੜਨ ਤੋਂ ਨਹੀਂ ਰੋਕਿਆ ਪਰ ਹਾਰ ਦੇ ਡਰੋਂ ਉਨ੍ਹਾਂ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਚਾਪਲੂਸ ਅਕਾਲੀ ਸੁਖਬੀਰ ਨੂੰ  ਜਰਨੈਲ (ਕਮਾਂਡਰ) ਦੱਸ ਰਹੇ ਹਨ ਜਦਕਿ ਉਨ੍ਹਾਂ ਦੀ ਅਗਵਾਈ ਨੇ 125 ਸਾਲ ਪੁਰਾਣੀ ਪਾਰਟੀ ਦੀ ਰੀੜ੍ਹ ਦੀ ਹੱਡੀ ਤੋੜ ਕੇ ਪਾਰਟੀ ਨੂੰ ਬਰਬਾਦ ਕਰ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.