>
ਤਾਜਾ ਖਬਰਾਂ
Bolda Punjab
ਐਸ ਏ ਐਸ ਨਗਰ, 6 ਅਕਤੂਬਰ:
ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਆਦੇਸ਼ਾਂ ‘ਤੇ ਅਤੇ ਸੀਨੀਅਰ ਕਪਤਾਨ ਪੁਲਿਸ ਐੱਸ ਏ ਐੱਸ ਨਗਰ ਦੀਪਕ ਪਾਰਿਕ ਆਈ ਪੀ ਐੱਸ, ਕਪਤਾਨ ਪੁਲਿਸ ਟ੍ਰੈਫਿਕ ਐੱਸਏਐੱਸ ਨਗਰ ਹਰਿੰਦਰ ਸਿੰਘ ਮਾਨ ਪੀ ਪੀ ਐੱਸ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਉੱਪ ਕਪਤਾਨ ਪੁਲਿਸ ਟ੍ਰੈਫਿਕ ਐੱਸਏਐੱਸ ਨਗਰ ਕਰਨੈਲ ਸਿੰਘ ਪੀ ਪੀ ਐਸ ਦੀ ਅਗਵਾਈ ਹੇਠ 5 ਅਕਤੂਬਰ 2024 ਨੂੰ ਟ੍ਰੈਫਿਕ ਇੰਚਾਰਜਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ‘ਡਰਿੰਕ ਐਂਡ ਡਰਾਈਵ’ ਦੇ ਖਿਲਾਫ਼ ਚਲਾਏ ਅਭਿਆਨ ਤਹਿਤ ਸਪੈਸ਼ਲ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਚਾਲਕਾਂ ਦੇ ਕੁੱਲ 53 ਚਲਾਨ ਕੀਤੇ ਗਏ।
ਵਧੇਰੇ ਜਾਣਕਾਰੀ ਦਿੰਦਿਆਂ ਡੀ ਐਸ ਪੀ ਕਰਨੈਲ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਵੀ ਜੇਕਰ ਕੋਈ ਵੀ ਵਾਹਨ ਚਾਲਕ ਸ਼ਰਾਬ ਪੀ ਕੇ ਵਾਹਨ ਚਲਾਉਂਦਾ ਹੈ ਜਾਂ ਹੋਰ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਾਹਨ ਚਾਲਕ ਦਾ ਟ੍ਰੈਫਿਕ ਨਿਯਮਾਂ ਅਨੁਸਾਰ ਚਲਾਣ ਤੋਂ ਇਲਾਵਾ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਡੀ ਐਸ ਪੀ ਕਰਨੈਲ ਸਿੰਘ ਨੇ ਅੱਗੇ ਕਿਹਾ ਕਿ ਸ਼ਰਾਬ ਪੀ ਕੇ ਰਾਤ ਦੇ ਸਮੇਂ ਗੱਡੀ ਚਲਾਉਂਦੇ ਸਮੇਂ ਸਭ ਤੋਂ ਜ਼ਿਆਦਾ ਸੜਕ ਹਾਦਸੇ ਹੁੰਦੇ ਹਨ। ਸ਼ਰਾਬ ਪੀਣ ਵਾਲੇ ਆਪਣੀ ਜ਼ਿੰਦਗੀ ਤਾਂ ਜ਼ੋਖਮ ਵਿੱਚ ਪਾਉਂਦੇ ਹੀ ਹਨ, ਇਸ ਨਾਲ ਕਈ ਹੋਰ ਵਿਅਕਤੀ ਵੀ ਉਨਾਂ ਦੀ ਲਪੇਟ ਵਿੱਚ ਆ ਜਾਂਦੇ ਹਨ। ਇਸ ਲਈ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਦਿਆਂ, ਰਾਤ ਦੇ ਸਮੇਂ ਕਦੇ ਵੀ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ। ਉਨ੍ਹਾਂ ਕਿਹਾ ਕਿ ਗੱਡੀ ਚਲਾਉਣ ਦੇ ਸਮੇਂ ਹਮੇਸ਼ਾ ਹੀ ਬੈਲਟ ਦਾ ਇਸਤੇਮਾਲ ਕੀਤਾ ਜਾਵੇ ਤੇ ਦੋ-ਪਹੀਆ ਵਾਹਨ ਚਾਲਕ ਹੈਲਮੇਟ ਦਾ ਪ੍ਰਯੋਗ ਜ਼ਰੂਰ ਕਰਨ ਤੇ ਉਹ ਵੀ ਪੂਰਨ ਸੁਰੱਖਿਆ ਵਾਲਾ ਆਈ ਐਸ ਆਈ ਮਾਰਕਾ ਹੋਵੇ। ਇਸ ਦੇ ਨਾਲ ਹੀ ਰਾਤ ਦੇ ਸਮੇਂ ਡਿਪਰ ਦਾ ਪ੍ਰਯੋਗ ਜ਼ਰੂਰ ਕੀਤਾ ਜਾਵੇ। ਉਹਨਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
Get all latest content delivered to your email a few times a month.