> Bolda Punjab -ਬਨੇਗਾ ਵਲੰਟੀਅਰਾਂ ਨੇ ਬਨੇਗਾ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਲਿਆ ਪ੍ਰਣ , ਨੌਜਵਾਨਾਂ ਵਿਦਿਆਰਥੀਆਂ ਵੱਲੋਂ ਮੋਗਾ ਲਾਲੋ ਲਾਲ
IMG-LOGO
ਹੋਮ ਰਾਸ਼ਟਰੀ: ਬਨੇਗਾ ਵਲੰਟੀਅਰਾਂ ਨੇ ਬਨੇਗਾ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ...

ਬਨੇਗਾ ਵਲੰਟੀਅਰਾਂ ਨੇ ਬਨੇਗਾ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਲਿਆ ਪ੍ਰਣ , ਨੌਜਵਾਨਾਂ ਵਿਦਿਆਰਥੀਆਂ ਵੱਲੋਂ ਮੋਗਾ ਲਾਲੋ ਲਾਲ

.

.

Admin user - Sep 28, 2024 05:50 PM
IMG

Bolda Punjab

ਮੋਗਾ 28 ਸਤੰਬਰ 2024

ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਲੋਂ 'ਬਨੇਗਾ ਪ੍ਰਾਪਤੀ ਮੁਹਿੰਮ' ਦੇ ਬੈਨਰ ਹੇਠ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ ਬਨੇਗਾ ਭਾਵ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਜਿਸ ਅਨੁਸਾਰ ਹਰ ਇਕ ਨੂੰ (ਜੋ ਚਾਹੁੰਦਾ ਹੈ) ਉਹਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਅਨੁਸਾਰ ਤਨਖਾਹ ਅਣ-ਸਿੱਖਿਅਤ ਨੂੰ 30,000/-,ਅਰਧ -ਸਿੱਖਿਅਤ ਨੂੰ 35,000/-, ਸਿੱਖਿਅਤ ਨੂੰ 45,000/- ਅਤੇ ਉੱਚ -ਸਿੱਖਿਅਤ ਨੂੰ 60,000/- ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦੀ ਗਰੰਟੀ ਹੋਵੇ ਅਤੇ ਜ਼ੇਕਰ ਸਰਕਾਰ ਇਕ ਸਾਲ ਦੇ ਅੰਦਰ ਕੰਮ ਦੇਣ ਵਿੱਚ ਅਸਫਲ ਹੈ ਤਾਂ ਉਕਤ ਤਨਖਾਹ ਦਾ ਅੱਧਾ ਹਿੱਸਾ ਕੰਮ ਇੰਤਜ਼ਾਰ ਭੱਤਾ ਲਾਜ਼ਮੀ ਹੋਵੇ, ਬਨੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਅਤੇ ਨਵਾਂ ਰੁਜ਼ਗਾਰ ਪੈਦਾ ਕਰਨ ਲਈ 'ਕੰਮ ਦਿਹਾੜੀ ਦੀ ਕਾਨੂੰਨੀ ਸੀਮਾ 6 ਘੰਟੇ ਹੋਵੇ', ਹਰ ਇਕ ਲਈ ਮੁਫ਼ਤ ਅਤੇ ਲਾਜ਼ਮੀ ਵਿਗਿਆਨਕ ਸਿੱਖਿਆ, ਮੁਫ਼ਤ ਸਿਹਤ ਸਹੂਲਤਾਂ, ਵਾਤਾਵਰਣ ਅਤੇ ਪਾਣੀਆਂ ਦੀ ਸੰਭਾਲ, ਚੰਗੀ ਉਸਾਰੂ ਖੇਡ ਨੀਤੀ ਅਤੇ ਮਨੁੱਖਾ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਆਦਿ ਦੀ ਪ੍ਰਾਪਤੀ ਲਈ ਅੱਜ ਇੱਥੇ ਸਥਾਨਕ ਇੰਡੋਰ ਸਟੇਡੀਅਮ ਗੋਧੇਵਾਲਾ ਵਿਖੇ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਅਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੀ ਸਿਲਵਰ ਜੁਬਲੀ ਮੌਕੇ 'ਬਨੇਗਾ ਵਲੰਟੀਅਰ ਸੰਮੇਲਨ ਅਤੇ ਮਾਰਚ' ਕੀਤਾ ਗਿਆ। ਜਿਸ ਵਿੱਚ ਪੰਜਾਬ ਭਰ ਵਿਚੋਂ ਹਜ਼ਾਰਾਂ ਵਲੰਟੀਅਰਾਂ ਨੇ ਭਗਤ ਸਿੰਘ ਦੀ ਫੋਟੋ ਵਾਲੀ ਬਨੇਗਾ ਟੀ-ਸ਼ਰਟ ਪਹਿਨ ਕੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਰਮਨ ਕੁਮਾਰ ਧਰਮੂ ਵਾਲਾ, ਸੂਬਾ ਸਕੱਤਰ ਪ੍ਰਿਤਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੁੱਖਵਿੰਦਰ ਮਲੌਟ ਅਤੇ ਨੌਜਵਾਨ ਸਭਾ ਦੇ ਸੂਬਾਈ ਸਕੱਤਰੇਤ ਆਗੂ ਕਰਮਵੀਰ ਕੌਰ ਬਧਨੀ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ,ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਦਿਨੇਸ਼ ਕੁਮਾਰ (ਤਾਮਿਲਨਾਡੂ) ਅਤੇ ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਬਾਈ ਜਗਰੂਪ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਲਾਲ ਵਰਦੀਧਾਰੀ ਵਲੰਟੀਅਰਾਂ ਨੇ ਹੱਥਾਂ ਵਿੱਚ ਭਗਤ ਸਿੰਘ ਦੀਆਂ ਫੋਟੋਆਂ, ਲਾਲ ਝੰਡੇ, ਬੈਨਰ, ਫਲੈਕਸ ਅਤੇ ਤਖ਼ਤੀਆਂ ਫੜ ਕੇ ਮੋਗੇ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਮਾਰਚ ਕਰਦਿਆਂ ਪੂਰਾ ਮੋਗਾ ਲਾਲੋ-ਲਾਲ ਕਰ ਦਿੱਤਾ ਅਤੇ "ਇਨਕਲਾਬ-ਜਿੰਦਾਬਾਦ, ਭਗਤ ਸਿੰਘ ਤੇਰੀ ਸੋਚ ਤੇ, ਪਹਿਰਾ ਦੇਵਾਂਗੇ ਠੋਕ ਕੇ। ਬਨੇਗਾ ਕਾਨੂੰਨ ਲੈ ਕੇ ਰਹਾਂਗੇ...।" ਆਦਿ ਨਾਹਰਿਆਂ ਨਾਲ ਆਕਾਸ਼ ਗੂੰਜਣ ਲਗਾ ਦਿੱਤਾ। ਇਸ ਸਮਾਗਮ ਦੀ ਸ਼ੁਰੂਆਤ ਵੇਲੇ ਤਿਆਰੀ ਕਮੇਟੀ ਦੇ ਕਨਵੀਨਰ ਡਾਕਟਰ ਇੰਦਰਬੀਰ ਸਿੰਘ ਗਿੱਲ ਜਿਲ੍ਹਾ ਆਗੂ ਐਪਸੋ ਨੇ ਸਮਾਗਮ ਦਾ ਉਦਘਾਟਨ ਕਰਦਿਆਂ ਭਗਤ ਸਿੰਘ ਦੇ ਜਨਮ ਦਿਨ ਦੀਆਂ ਅਮੁੱਕ ਮੁਬਾਰਕਾਂ ਦਿਤੀਆਂ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਵਲੰਟੀਅਰਾਂ ਦਾ ਸਵਾਗਤ ਕੀਤਾ। ਇਸ ਮੌਕੇ ਵਿਸ਼ਾਲ ਬਨੇਗਾ ਵਲੰਟੀਅਰ ਸੰਮੇਲਨ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਜਗਰੂਪ ਸਿੰਘ ਨੇ ਪਰਮਗੁਣੀ ਭਗਤ ਸਿੰਘ ਦੇ 118ਵੇਂ ਜਨਮ ਦਿਹਾੜੇ ਮੌਕੇ ਅਮੁੱਕ ਮੁਬਾਰਕਾਂ ਦਿੰਦਿਆਂ ਅਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਹਾਜ਼ਰੀਨ ਹਜ਼ਾਰਾਂ ਬਨੇਗਾ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਤੋਂ ਇਲਾਵਾ ਅੱਜ ਤੋਂ 25 ਸਾਲ ਪਹਿਲਾਂ ਰੁਜ਼ਗਾਰ ਪ੍ਰਾਪਤ ਕਰਨ ਦੀ ਮੰਗ ਤੇ ਸ਼ੁਰੂ ਕੀਤੀ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਨੇ ਆਪਣੀਆਂ ਬੇਰੋਕ ਸਰਗਰਮੀਆਂ ਦੇ ਸ਼ਾਨਦਾਰ ਇਤਿਹਾਸਕ 25 ਸਾਲ ਪੂਰੇ ਕਰਕੇ ਅੱਜ ਸਿਲਵਰ ਜੁਬਲੀ ਮਨਾ ਰਹੀ ਹੈ। ਉਹਨਾਂ ਇਤਿਹਾਸਕ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਵਿੱਚ ਰੁਜ਼ਗਾਰ ਦੀ ਘਾਟ ਕਾਰਨ ਖ਼ੁਦਕਸ਼ੀਆ ਦਾ ਦੌਰ ਚੱਲ ਰਿਹਾ ਸੀ ਤਾਂ ਉਸ ਵੇਲੇ "ਖ਼ੁਦਕਸ਼ੀਆ ਨਹੀਂ, ਪ੍ਰਾਪਤੀ ਦੇ ਰਾਹ ਪੈ ਵੇ ਲੋਕਾ...।" ਦਾ ਨਾਹਰਾ ਮਾਰ ਕੇ ਕਿਵੇਂ ਬੇਰੁਜ਼ਗਾਰ ਜਵਾਨੀ ਵਿੱਚ ਆਸ ਦੀ ਲੋਅ ਜਗਾਈ ਜੋ ਅੱਜ 'ਬਨੇਗਾ ਪ੍ਰਾਪਤੀ ਮੁਹਿੰਮ' ਦੇ ਰੂਪ ਵਿੱਚ ਪ੍ਰਚੰਡ ਹੋ ਕੇ ਪ੍ਰਾਪਤੀ ਦੇ ਸੰਘਰਸ਼ ਵਿੱਚ ਮੋਹਰੀ ਰੋਲ ਨਿਭਾ ਰਹੀ ਹੈ।
ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ  ਨੇ ਵਿਸ਼ਾਲ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੀ ਲਗਾਤਾਰ ਬਿਨਾਂ ਨਾਗਾ ਸਰਗਰਮੀ ਦਾ ਨਤੀਜਾ ਹੈ ਕਿ ਪਰਮਗੁਣੀ ਭਗਤ ਸਿੰਘ ਦਾ ਜਨਮ ਦਿਨ ਤਿਉਹਾਰ ਵਾਂਗ ਮਨਾਇਆ ਜਾਣ ਲੱਗਿਆ ਹੈ। ਅੱਜ ਜਦੋਂ ਸਮਾਜ ਬੇਰੁਜ਼ਗਾਰੀ ਕਾਰਨ ਆਰਥਿਕ ਥੁੜਾਂ ਸਮੇਤ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਕ ਅਗਵਾਈ ਦੀ ਵਧੇਰੇ ਲੋੜ ਹੈ। ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ 'ਬਨੇਗਾ ਭਾਵ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ'  ਦਾ ਖਰੜਾ ਭਗਤ ਸਿੰਘ ਦੀ ਵਿਚਾਰਧਾਰਕ ਅਗਵਾਈ ਦੀ ਹੀ ਦੇਣ ਹੈ। ਉਹਨਾਂ ਇਹ ਵੀ ਕਿਹਾ ਕਿ ਜਿੱਥੇ ਇਕ ਪਾਸੇ ਸਰਕਾਰਾਂ ਦਾ ਆਮ ਲੋਕਾਂ ਅਤੇ ਉਹਨਾਂ ਦੀਆਂ ਜੀਵਨ ਹਾਲਾਤਾਂ ਨਾਲ ਕੋਈ ਤਲਕ ਵਾਸਤਾ ਨਹੀਂ ਰਿਹਾ ਅਤੇ ਸਿਰਫ ਕਾਰਪੋਰੇਟ ਸੈਕਟਰ ਲਈ ਹੀ ਨੀਤੀਆਂ ਬਣਾ ਰਹੀਆਂ ਹਨ ਉਥੇ ਦੂਜੇ ਪਾਸੇ ਬਨੇਗਾ ਪ੍ਰਾਪਤੀ ਮੁਹਿੰਮ ਦੇ ਉਕਤ ਸ਼ਾਨਦਾਰ ਠੋਸ ਪ੍ਰੋਗਰਾਮ ਸਮਾਜ ਦੇ ਹਰ ਵਰਗ ਦੀ ਬੰਦ ਖਲਾਸੀ ਦਾ ਮੁੱਦਈ ਹੈ ਅਤੇ ਇਸ ਪ੍ਰੋਗਰਾਮ ਨੂੰ ਲਾਗੂ ਕਰਵਾਉਣ ਲਈ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਪਵੇਗਾ ਅਤੇ ਇਸ ਸੰਘਰਸ਼ ਲਈ ਭਗਤ ਸਿੰਘ ਦਾ ਜੀਵਨ ਫਲਸਫ਼ਾ ਸਾਡੀ ਯੋਗ ਅਗਵਾਈ ਕਰੇਗਾ।
ਇਸ ਮੌਕੇ ਸੰਮੇਲਨ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਦਿਨੇਸ਼ ਕੁਮਾਰ (ਤਾਮਿਲਨਾਡੂ) ਨੇ ਭਗਤ ਸਿੰਘ ਜਨਮ ਦਿਨ ਮੌਕੇ ਪੰਜਾਬ ਵੱਲੋਂ ਕੀਤੇ ਜਾ ਰਹੇ ਇਸ ਵਿਸ਼ਾਲ ਪ੍ਰੋਗਰਾਮ ਅਤੇ ਭਗਤ ਸਿੰਘ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦਿੱਤੀ ਅਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਭਗਤ ਸਿੰਘ ਦੇ ਜਨਮ ਦਿਨ ਸਮਾਗਮ ਕਰਵਾਉਣ ਦੀ ਪਿਰਤ ਨੇ ਪੂਰੇ ਭਾਰਤ ਨੂੰ ਜਗਾਇਆ ਹੈ ਅਤੇ ਅੱਜ ਸਾਰਾ ਦੇਸ਼ ਭਗਤ ਸਿੰਘ ਦੇ ਜਨਮ ਦਿਨ ਨੂੰ ਇਨਕਲਾਬੀ ਜੋਸ਼ ਨਾਲ ਮਨਾਉਂਦਾ ਹੈ। ਉਹਨਾਂ ਅੱਗੇ ਕਿਹਾ ਕਿ ਦੇਸ਼ ਦੀ ਵਿਦਿਆਰਥੀ ਲਹਿਰ ਖਾਸ ਕਰਕੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਅਗਵਾਈ ਲੈ ਕੇ ਆਪਣੇ ਸੰਘਰਸ਼ ਲੜ ਰਹੀ ਅਤੇ ਜਿੱਤ ਰਹੀ ਹੈ। ਜਿਸ ਤਰ੍ਹਾਂ ਦੇਸ਼ ਦੀ ਸਰਮਾਏਦਾਰੀ ਹਕੂਮਤ ਵਿਦਿਆਰਥੀਆਂ ਤੋਂ ਸਿੱਖਿਆ ਦਾ ਹੱਕ ਖੋਹਣਾ ਚਾਹੁੰਦੀ ਤਾਂ ਸਾਨੂੰ ਹੋਰ ਸ਼ਿੱਦਤ ਨਾਲ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਲੈਸ ਹੋਣਾ ਪਵੇਗਾ ਤਾਂ ਕਿ ਸਿੱਖਿਆ ਨੂੰ ਬਚਾਇਆ ਜਾ ਸਕੇ।
ਇਸ ਬਨੇਗਾ ਵਲੰਟੀਅਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਾਬਕਾ ਨੌਜਵਾਨ ਆਗੂਆਂ ਕਸ਼ਮੀਰ ਸਿੰਘ ਗਦਾਈਆ, ਕੁਲਦੀਪ ਭੋਲਾ,ਸਵਰਨ ਖੋਸਾ,ਹੰਸ ਰਾਜ ਗੋਲਡਨ, ਸੁਖਦੇਵ ਸ਼ਰਮਾ,ਸਰੋਜ ਰਾਣੀ ਛੱਪੜੀ ਵਾਲਾ,ਸੁਰਿੰਦਰ ਢੰਡੀਆਂ ਆਦਿ ਨੇ ਭਗਤ ਸਿੰਘ ਜਨਮ ਦਿਨ ਵਧਾਈਆ ਦਿਤੀਆਂ ਅਤੇ ਆਪਣੀ ਖੁਸ਼ੀ ਜਾਹਰ ਕਰਦਿਆਂ ਕਿਹਾ 1997 ਤੋਂ ਉਹਨਾਂ ਵੱਲੋਂ ਸ਼ੁਰੂ ਕੀਤੀ ਮੁਹਿੰਮ ਅੱਜ ਆਪਣੇ ਅਗਲੇ ਪ੍ਰਾਪਤੀ ਦੇ ਪੜਾਅ ਵਿੱਚ ਸ਼ਾਮਲ ਹੋ ਕੇ ਪ੍ਰਾਪਤੀ ਵੱਲ ਵੱਧ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਉਸਾਰਨ ਵਿੱਚ ਦੇਰ ਨਹੀਂ ਲੱਗੇਗੀ।
ਅੰਤ ਵਿੱਚ ਆਗੂਆਂ ਨੇ ਸਮੁਚੇ ਰੂਪ ਵਿੱਚ ਬੇਰੁਜ਼ਗਾਰ ਜਵਾਨੀ ਅਤੇ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਯੂਨੀਅਨਾਂ ਅਤੇ ਜਥੇਬੰਦੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਬਨੇਗਾ ਪ੍ਰਾਪਤੀ ਮੁਹਿੰਮ ਦਾ ਹਿੱਸਾ ਬਣਨ ਤਾਂ ਹੀ ਸਬ ਲਈ ਉਹਨਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦਾ ਹੱਕ ਜਿੱਤਿਆ ਜਾ ਸਕਦਾ ਹੈ।
ਇਸ ਸਮਾਗਮ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਆਗੂ ਜਸਪ੍ਰੀਤ ਕੌਰ ਬੱਧਣੀ, ਨਵਕਿਰਨ ਬੱਧਣੀ, ਗੁਰਦਿੱਤ ਦੀਨਾ, ਜਗਵਿੰਦਰ ਕਾਕਾ,ਸਵਰਾਜ ਖੋਸਾ,ਨਵਜੋਤ ਕੌਰ ਬਿਲਾਸਪੁਰ, ਹਰਪ੍ਰੀਤ ਸਿੰਘ, ਮਨੀਸ਼ਾ ਮੋਗਾ,ਹਰਭਜਨ ਛੱਪੜੀ ਵਾਲਾ, ਸ਼ੁਬੇਗ ਝੰਗੜ ਭੈਣੀ, ਸਤੀਸ਼ ਛੱਪੜੀ ਵਾਲਾ,ਗੁਰਦਿਆਲ ਢਾਬਾਂ,ਰਾਜ ਕੁਮਾਰ ਬਹਾਦਰ ਕੇ,ਕੇਵਲ ਛਾਂਗਾ ਰਾਏ,ਕੁਲਦੀਪ ਆਜ਼ਾਬਾ, ਨਵਜੀਤ ਸੰਗਰੂਰ, ਹਰਮੇਲ ਉੱਭਾ,ਵਿਸ਼ਾਲ ਵਲਟੋਹਾ, ਹਰਭਇੰਦਰ ਕਸੇਲ,ਗੁਰਪ੍ਰੀਤ ਵਲਟੋਹਾ,ਪਟਿਆਲਾ ਪੰਜਾਬੀ ਯੂਨੀਵਰਸਿਟੀ ਰਾਹੁਲ ਗਰਗ, ਗੁਰਜੰਟ ਸਿੰਘ, ਰਮਨਪ੍ਰੀਤ ਕੌਰ, ਗੋਰਾ ਪਿੱਪਲੀ, ਆਦਿ ਦੀ ਅਗਵਾਈ ਵਿੱਚ ਸੈਂਕੜੇ ਬਨੇਗਾ ਵਲੰਟੀਅਰਾਂ ਦੇ ਕਾਫਲਿਆਂ ਦੀ ਅਗਵਾਈ ਕਰਕੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸਵਾਗਤੀ ਕਮੇਟੀ ਸੀਨੀਅਰ ਮੈਂਬਰ ਬਲਦੇਵ ਸਿੰਘ ਸੜਕਨਾਮਾ, ਸੁਖਦੇਵ ਸਿਰਸਾ, ਗੁਰਚਰਨ ਸੰਘਾ, ਗੁਰਚਰਨ ਕੌਰ ਮੋਗਾ, ਡਾ. ਅਰਵਿੰਦਰਪਾਲ ਗਿੱਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 

 

 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.